ਚੰਡੀਗੜ੍ਹ, 21 ਦਸੰਬਰ 2024: ਪੰਜਾਬ ਦੇ ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਬਾਰੇ ਮੰਤਰੀ ਅਮਨ ਅਰੋੜਾ (Aman Arora) ਨੇ ਅੱਜ ਇੱਕ ਹੋਟਲ ‘ਚ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵੱਲੋਂ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ, ਬਿਜਲੀ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਏ ਰਾਜ ਪੱਧਰੀ ਊਰਜਾ ਸੰਭਾਲ ਦਿਵਸ ਸਮਾਗਮ ‘ਚ ਹਿੱਸ ਲਿਆ |
ਇਸ ਸਮਾਗਮ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਪਹਿਲੇ ਸਿੱਖ ਗੁਰੂ ਨਾਨਕ ਦੇਵ ਜੀ ਦੁਆਰਾ ਦਰਸਾਏ ਫ਼ਲਸਫ਼ੇ ਹਵਾਲਾ ਦਿੰਦਿਆਂ ਦੱਸਿਆ ਕਿ ਪੰਜਾਬ ਰਵਾਇਤੀ ਈਂਧਨ ‘ਤੇ ਨਿਰਭਰਤਾ ਘਟਾਉਣ ਅਤੇ ਗਰੀਨ ਊਰਜਾ ਵੱਲ ਪਰਿਵਰਤਨ ਦੀ ਰਣਨੀਤੀ ‘ਤੇ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੈਂਕੜੇ ਸਾਲ ਪਹਿਲਾਂ ਸਾਡੇ ਪਹਿਲੇ ਗੁਰੂ ਸਾਹਿਬ ਨੇ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਦੀ ਗੱਲ ਹੈ ਕਿ ਆਖਰਕਾਰ ਦੁਨੀਆ ਹੁਣ ਜਲਵਾਯੂ ਤਬਦੀਲੀ ਦੀ ਸੱਚਾਈ ਤੋਂ ਜਾਣੂ ਹੋ ਰਹੀ ਹੈ। ਸਮੇਂ ਦੀ ਲੋੜ ਹੈ ਕਿ ਹਰ ਕੋਈ ਇਸ ਸੰਕਟ ਦੀ ਗੰਭੀਰਤਾ ਨੂੰ ਸਵੀਕਾਰ ਕਰੇ ਅਤੇ ਸਾਡੀ ਧਰਤੀ ਦੀ ਰੱਖਿਆ ਲਈ ਮਿਲ ਕੇ ਕੰਮ ਕਰੇ।
ਅਮਨ ਅਰੋੜਾ (Aman Arora) ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲਾਂ ਸਮੇਤ 1000 ਤੋਂ ਵੱਧ ਸਰਕਾਰੀ ਇਮਾਰਤਾਂ ਨੂੰ ਊਰਜਾ-ਕੁਸ਼ਲ ਬਣਾ ਕੇ 6800 ਮੈਗਾਵਾਟ ਨੂੰ ਨਵਿਆਉਣਯੋਗ ਊਰਜਾ ‘ਚ ਸਫਲਤਾਪੂਰਵਕ ਤਬਦੀਲ ਕੀਤਾ ਹੈ। 6200 ਮੈਗਾਵਾਟ ਨੂੰ ਨਵਿਆਉਣਯੋਗ ਊਰਜਾ ਵਿੱਚ ਬਦਲਣ ਦਾ ਇੱਕ ਹੋਰ ਪ੍ਰੋਜੈਕਟ ਪ੍ਰਕਿਰਿਆ ਅਧੀਨ ਹੈ। ਇਸ ਤੋਂ ਇਲਾਵਾ ਸੂਬੇ ‘ਚ 2.16 ਲੱਖ ਊਰਜਾ-ਕੁਸ਼ਲ ਬੀਈਈ 4-ਸਟਾਰ ਰੇਟ ਵਾਲੇ ਖੇਤੀ ਪੰਪ ਸੈੱਟ ਲਗਾਏ ਹਨ। ਪੰਜਾਬ ‘ਚ 750 ਤੋਂ ਵੱਧ ਇਮਾਰਤਾਂ ECBC (ਊਰਜਾ ਸੰਭਾਲ ਬਿਲਡਿੰਗ ਕੋਡ) ਦੀ ਪਾਲਣਾ ਕਰਦੀਆਂ ਹਨ।
ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਇੱਕ ਊਰਜਾ ਕੁਸ਼ਲ ਸੂਬਾ ਬਣਾਉਣ ਲਈ ਸਰਕਾਰ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ ਈਕੋ-ਸਿਸਟਮ ਬਣਾ ਸਕਦੀ ਹੈ, ਪਰ ਮੁੱਖ ਜ਼ਿੰਮੇਵਾਰੀ ਨਿੱਜੀ ਅਦਾਰਿਆਂ ਦੀ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਅਦਾਰਿਆਂ ਨੂੰ ਊਰਜਾ-ਕੁਸ਼ਲ ਤਕਨਾਲੋਜੀਆਂ ਨਾਲ ਲੈਸ ਕਰਨਾ ਹੈ।
ਪੁਰਾਣੀ ਕਹਾਵਤ “ਪੈਸੇ ਦੀ ਬਚਤ ਕਰਕੇ ਪੈਸਾ ਕਮਾਇਆ ਜਾ ਸਕਦਾ ਹੈ” ਦਾ ਹਵਾਲਾ ਦਿੰਦੇ ਹੋਏ, ਉਸਨੇ ਊਰਜਾ ਦੀ ਬੱਚਤ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਅਤੇ ਕਿਹਾ, “ਊਰਜਾ ਦੀ ਬੱਚਤ ਕਰਨਾ ਹੀ ਊਰਜਾ ਪੈਦਾ ਕਰਨਾ ਹੈ।” ਇਸ ਦੌਰਾਨ ਉਨ੍ਹਾਂ ਨੇ ਊਰਜਾ-ਕੁਸ਼ਲਤਾ ਤਕਨਾਲੋਜੀ ਅਤੇ ਊਰਜਾ ਸੰਭਾਲ ਦਿਵਸ ਦੇ ਜਸ਼ਨਾਂ ਸਬੰਧੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਅਜੋਏ ਕੁਮਾਰ ਸਿਨਹਾ, ਪ੍ਰਮੁੱਖ ਸਕੱਤਰ, ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਦੇ ਵਿਭਾਗ ਨੇ ਪੰਜਾਬ ‘ਚ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਊਰਜਾ ਸੰਭਾਲ ਅਤੇ ਊਰਜਾ-ਕੁਸ਼ਲਤਾ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅਪਣਾਉਣ ਅਤੇ ਊਰਜਾ-ਕੁਸ਼ਲਤਾ ਵਾਲੇ ਉਪਾਵਾਂ ਨੂੰ ਸਮਝਦਾਰੀ ਨਾਲ ਅਪਣਾਉਣ ਦੀ ਅਪੀਲ ਕੀਤੀ।
ਪੇਡਾ ਦੇ ਡਾਇਰੈਕਟਰ ਐਮ.ਪੀ. ਸਿੰਘ ਨੇ ਹਾਜ਼ਰੀਨ ਨੂੰ ਵੱਖ-ਵੱਖ ਖੇਤਰਾਂ ‘ਚ ਊਰਜਾ ਸੰਭਾਲ ਅਤੇ ਸਵੱਛ ਊਰਜਾ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦੇ ਹੋਏ ਸੂਬੇ ‘ਚ ਊਰਜਾ ਸੰਭਾਲ ਪ੍ਰੋਗਰਾਮਾਂ ਤਹਿਤ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਈਸੀਬੀਸੀ ਦੇ ਨਾਲ ਊਰਜਾ-ਕੁਸ਼ਲਤਾ ਦੇ ਖੇਤਰ ‘ਚ ਮੋਹਰੀ ਸੂਬਿਆਂ ‘ਚੋਂ ਇੱਕ ਹੈ, ਈਸੀਬੀਸੀ ਹਫ਼ਤਾ ਮਨਾ ਰਿਹਾ ਹੈ, 85 ਤੋਂ ਵੱਧ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਨੂੰ ਲਾਗੂ ਕਰ ਰਿਹਾ ਹੈ ਅਤੇ ਈਸੀਬੀਸੀ ਅਤੇ ਗ੍ਰੀਨ ਬਿਲਡਿੰਗਾਂ ਨੂੰ ਉਤਸ਼ਾਹਿਤ ਕਰਦਾ ਹੈ।
Read More: ਦਿਵਿਆਂਗ ਵਿਅਕਤੀਆਂ ਦੇ UDID ‘ਚ ਤਰੁੱਟੀਆਂ ਦੂਰ ਕਰਨ ਲਈ ਪੰਜਾਬ ਸਰਕਾਰ ਲਗਾਏਗੀ ਵਿਸ਼ੇਸ਼ ਕੈਂਪ