ਚੰਡੀਗੜ੍ਹ, 03 ਮਾਰਚ 2026: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬੀਆਂ ਨੇ ਕਦੇ ਵੀ ਫਿਰਕਾਪ੍ਰਸਤੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਨਾ ਹੀ ਉਹ ਨਾਟਕਾਂ ਤੋਂ ਪ੍ਰਭਾਵਿਤ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਵਿਧਾਨ ਸਭਾ ‘ਚ ਪੱਗ ਬੰਨ੍ਹਣ ਬਾਰੇ ਪੁੱਛਿਆ ਗਿਆ, ਤਾਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਨਾਇਬ ਸਿੰਘ ਸੈਣੀ ਦੀ ਕਿਸੇ ਵੀ ਧਰਮ ਦਾ ਪਾਲਣ ਕਰਨ ਅਤੇ ਪੱਗ ਬੰਨ੍ਹਣ ਦੀ ਆਜ਼ਾਦੀ ਦਾ ਸਤਿਕਾਰ ਕਰਦੇ ਹਨ।
ਹਾਲਾਂਕਿ, ਉਨ੍ਹਾਂ ਨੇ ਨਾਇਬ ਸਿੰਘ ਦੇ ਪੱਗ ਬੰਨ੍ਹਣ ਦੇ ਸਮੇਂ ਨੂੰ ਮਹੱਤਵਪੂਰਨ ਦੱਸਿਆ, ਖਾਸ ਕਰਕੇ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਉਨ੍ਹਾਂ ਨੂੰ ਪੰਜਾਬ ਲਈ ਇੱਕ ਪ੍ਰਮੁੱਖ ਚਿਹਰੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਅਕਸਰ ਪੰਜਾਬ ‘ਚ ਪੱਗ ਬੰਨ੍ਹਦੇ ਦੇਖਿਆ ਜਾਂਦਾ ਹੈ। ਉਹ ਹਰਿਆਣਾ ਨਾਲੋਂ ਪੰਜਾਬ ‘ਚ ਜ਼ਿਆਦਾ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਬਹੁਤ ਸਾਰੇ ਸਵਾਲ ਹਨ, ਖਾਸ ਕਰਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਲੰਬਿਤ ਪਾਣੀ ਵਿਵਾਦ ਬਾਰੇ। ਇਸ ਮੁੱਦੇ ‘ਤੇ ਉਨ੍ਹਾਂ ਦਾ ਕੀ ਰੁਖ਼ ਹੋਵੇਗਾ? ਇਹ ਸਪੱਸ਼ਟ ਤੌਰ ‘ਤੇ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਨਾਇਬ ਸਿੰਘ ਸੈਣੀ ਸੋਚਦੇ ਹਨ ਕਿ ਪੱਗ ਬੰਨ੍ਹਣ ਨਾਲ ਪੰਜਾਬੀਆਂ ਦੇ ਇੱਕ ਖਾਸ ਵਰਗ ਨੂੰ ਪ੍ਰਭਾਵਿਤ ਕਰ ਲੈਣਗੇ, ਤਾਂ ਉਨ੍ਹਾਂ ਦਾ ਵਹਿਮ ਹੈ। ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਪੰਜਾਬੀਆਂ ਨੇ ਕਦੇ ਵੀ ਫਿਰਕੂ ਲੀਹਾਂ ‘ਤੇ ਵੋਟ ਨਹੀਂ ਪਾਈ ਅਤੇ ਨਾ ਹੀ ਕਦੇ ਕਰਨਗੇ।
ਰਾਜਾ ਵੜਿੰਗ ਨੇ ਭਾਜਪਾ ਨੂੰ ਪੰਜਾਬ ਦੀ ਰਾਜਨੀਤੀ ‘ਚ ਫਿਰਕੂ ਜ਼ਹਿਰ ਘੋਲਣ ਵਿਰੁੱਧ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬੀ ਤੁਹਾਡੀ ਫਿਰਕੂ ਰਾਜਨੀਤੀ ਜਾਂ ਤੁਹਾਡੇ ਨਾਟਕਾਂ ਤੋਂ ਪ੍ਰਭਾਵਿਤ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਹੀ ਦਰਸਾਉਂਦੀਆਂ ਹਨ ਕਿ ਭਾਜਪਾ ਅਤੇ ਇਸਦੇ ਆਗੂ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਤੋਂ ਕਿੰਨੇ ਦੂਰ ਹਨ।
Read More: ਪੰਜਾਬ ਸਰਕਾਰ ਵੱਲੋਂ ਅਰਬ ਦੇਸ਼ਾਂ ‘ਚ ਫਸੇ ਲੋਕਾਂ ਹੈਲਪਲਾਈਨ ਤੇ ਵਟਸਐਪ ਨੰਬਰ ਜਾਰੀ




