ਚੰਡੀਗੜ੍ਹ, 24 ਅਗਸਤ: ਲੋਕਾਂ ਨੂੰ ਅੱਖਾਂ ਦਾਨ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਲਈ ਵਚਨ ਕਰਨ ਵਾਸਤੇ ਪ੍ਰੇਰਿਤ ਕਰਨ ਲਈ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ 25 ਅਗਸਤ ਤੋਂ 8 ਸਤੰਬਰ ਤੱਕ 36ਵਾਂ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਅੱਜ ਇਥੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਅੰਨ੍ਹਾਪਣ ਸਾਡੇ ਦੇਸ਼ ਵਿੱਚ ਗੰਭੀਰ ਜਨਤਕ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ।
ਵਿਸ਼ਵ ਸਿਹਤ ਸੰਗਠਨ ਅਨੁਸਾਰ, ਮੋਤੀਆ ਅਤੇ ਗਲੂਕੋਮਾ ਤੋਂ ਬਾਅਦ, ਕੌਰਨੀਆ ਸੰਬਧੀ ਬਿਮਾਰੀਆਂ ਅੱਖਾਂ ਦੇ ਨੁਕਸਾਨ ਅਤੇ ਅੰਨ੍ਹੇਪਣ ਦੇ ਮੁੱਖ ਕਾਰਨ ਹਨ।
ਕੌਰਨੀਆ ਦੀ ਬਿਮਾਰੀ ਨਾਲ ਹੋਣ ਵਾਲਾ ਅੰਨ੍ਹਾਪਣ ਪੁਤਲੀ ਬਦਲਣ ਦੇ ਆਪਰੇਸ਼ਨ (ਜਿਸਨੂੰ ਕੌਰਨੀਅਲ ਟ੍ਰਾਂਸਪਲਾਂਟੇਸ਼ਨ ਜਾਂ ਕੇਰਾਟੋਪਲਾਸਟੀ ਵੀ ਕਿਹਾ ਜਾਂਦਾ ਹੈ) ਨਾਲ ਦੂਰ ਕੀਤਾ ਜਾ ਸਕਦਾ ਹੈ।
ਜਿੱਥੇ ਧੁੰਦਲੇ ਕੌਰਨੀਆ ਦੀ ਥਾਂ ਤੇ ਦਾਨੀ ਅੱਖ ਤੋਂ ਇਕ ਸਿਹਤਮੰਦ ਕੌਰਨੀਆ ਮਰੀਜ਼ ਦੀ ਅੱਖ ਵਿੱਚ ਟਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ। ਇਸ ਸਮੇਂ ਪੰਜਾਬ ਵਿੱਚ ਕੁੱਲ 31 ਰਜਿਸਟਰਡ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟੇਸ਼ਨ ਸੈਂਟਰ ਹਨ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੀ ਸਹੂੰ ਚੁੱਕਣ ਅਤੇ ਲੋੜਵੰਦਾਂ ਨੂੰ ਦ੍ਰਿਸ਼ਟੀ ਦਾ ਤੋਹਫ਼ਾ ਦੇਣ ਵਰਗੇ ਨੇਕ ਕੰਮ ਵਿੱਚ ਹਿੱਸਾ ਪਾਉਣ।
ਉਨ੍ਹਾਂ ਆਈ.ਈ.ਸੀ. (ਸੂਚਨਾ ਸਿੱਖਿਆ ਅਤੇ ਸੰਚਾਰ) ਨੂੰ ਮਜ਼ਬੂਤ ਕਰਨ ਦੀ ਫੌਰੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਮਾਸ ਮੀਡੀਆ ਅਤੇ ਡਿਜੀਟਲ ਮੀਡੀਆ ਦੀ ਵਰਤੋਂ ਕਰਦੇ ਹੋਏ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰ ਸਕਾਂਗੇ।
ਡਾਇਰੈਕਟਰ ਸਿਹਤ ਸੇਵਾਵਾਂ ਡਾ.ਜੀ.ਬੀ. ਸਿੰਘ ਨੇ ਇਸ ਪੰਦਰਵਾੜੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਖਾਂ ਦੇ ਦਾਨ ਨਾਲ ਜੁੜੀਆਂ ਮਿੱਥਾਂ ਅਤੇ ਗਲਤ ਧਾਰਨਾਵਾਂ ਨੂੰ ਜਾਗਰੂਕਤਾ ਜ਼ਰੀਏ ਦੂਰ ਕੀਤਾ ਜਾਵੇਗਾ।
ਅੱਖਾਂ ਦੇ ਦਾਨ ਸੰਬਧੀ ਰਜਿਸਟ੍ਰੇਸ਼ਨ ਫ਼ਾਰਮ ਪੰਜਾਬ ਦੇ ਸਮੂਹ ਜਿਲ੍ਹਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ ਅਤੇ ਨਜ਼ਰ ਕੇਂਦਰਾਂ ‘ਤੇ ਉਪਲਬਧ ਹੈ। ਉਹਨਾਂ ਅੱਗੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਆਨਲਾਈਨ ਵੈਬਸਾਈਟ
https://nhm.punjab.gov.in/Eye_Donation/form1.php ‘ਤੇ ਜਾ ਕੇ ਵੀ ਅੱਖਾਂ ਦੇ ਦਾਨ ਸੰਬਧੀ ਰਜਿਸਟ੍ਰੇਸ਼ਨ ਫ਼ਾਰਮ ਭਰਿਆ ਜਾ ਸਕਦਾ ਹੈ ਅਤੇ ਸਫ਼ਲਤਾਪੂਰਵਕ ਰਜਿਸਟ੍ਰੇਸ਼ਨ ਉਪਰੰਤ ਭਰੇ ਹੇਏ ਫ਼ਾਰਮ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਪ੍ਰਿੰਟ ਵੀ ਲਿਆ ਜਾ ਸਕਦਾ ਹੈ।
ਪ੍ਰੋਗਰਾਮ ਅਫਸਰ ਐਨ.ਪੀ.ਸੀ.ਬੀ.ਵੀ.ਆਈ. (ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਇੰਡਨੇਸ ਐਂਡ ਵਿਜ਼ੁਅਲ ਇਮਪੇਅਰਮੈਂਟ) ਡਾ. ਨੀਤੀ ਸਿੰਗਲਾ ਨੇ ਕਿਹਾ ਕਿ ਅੱਖਾਂ ਦੇ ਦਾਨ ਸੰਬਧੀ ਸੰਦੇਸ਼ ਨੂੰ ਫੈਲਾਉਣ ਅਤੇ ਜਾਗਰੂਕਤਾ ਪੈਦਾ ਕਰਨ ਲਈ ਪੰਦਰਵਾੜੇ ਦੌਰਾਨ ਆਈ.ਈ.ਸੀ. ਗਤੀਵਿਧੀਆਂ ਦਾ ਆਯੋਜਨ ਕਰਨ ਲਈ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਾਡਾ ਟੀਚਾ ਸਾਰੇ ਕੌਰਨੀਅਲ ਅੰਨ੍ਹੇ ਮਰੀਜ਼ਾਂ ਦੇ ਬੈਕਲਾਗ ਨੂੰ ਦੂਰ ਕਰਨਾ ਹੈ।
ਹਾਲਾਂਕਿ ਕੋਵਿਡ -19 ਮਹਾਂਮਾਰੀ ਦੇ ਕਾਰਨ ਪਿਛਲੇ ਇੱਕ ਸਾਲ ਦੌਰਾਨ ਕੋਰਨੀਆ ਇਕੱਤਰ ਕਰਨ ਅਤੇ ਟ੍ਰਾਂਸਪਲਾਂਟੇਸ਼ਨ ਦੀ ਗਤੀਵਿਧੀ ਨੂੰ ਬਹੁਤ ਪ੍ਰਭਾਵਤ ਕੀਤਾ ਹੈ ਪਰ ਫ਼ਿਰ ਵੀ ਮਹਾਂਮਾਰੀ ਦੇ ਬਾਵਜੂਦ ਸਾਲ 2020-21 ਵਿੱਚ ਰਾਜ ਵਿੱਚ 417 ਕੇਰਟੋਪਲਾਸਟੀ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਸਾਡੇ ਦੇਸ਼ ਵਿੱਚ ਅੰਦਾਜ਼ਨ 46 ਲੱਖ ਲੋਕ ਕੌਰਨੀਅਲ ਅੰਨ੍ਹੇਪਣ ਨਾਲ ਪੀੜਤ ਹਨ ਅਤੇ ਲਗਭਗ 54000 ਅੱਖਾਂ ਸਾਲਾਨਾ ਇਕੱਤਰ ਕੀਤੀਆਂ ਜਾਂਦੀਆਂ ਹਨ ਜਦੋਂ ਕਿ ਦੇਸ਼ ਵਿਚ 1.5 ਲੱਖ ਅੱਖਾਂ ਦੀ ਪ੍ਰਤੀ ਸਾਲ ਲੋੜ ਹੈ।