July 2, 2024 7:26 pm
ਹਰਿਆਣਾ

ਸ਼ਹਿਰੀ ਖੇਤਰਾਂ ‘ਚ 20 ਸਾਲਾਂ ਤੋਂ ਰਿਹਾਇਸ਼ੀ ਪਲਾਟਾਂ ‘ਚ ਰਹਿ ਰਹੇ ਲੋਕਾਂ ਨੂੰ ਮਿਲੇਗਾ ਮਾਲਕੀ ਹੱਕ: CM ਮਨੋਹਰ ਲਾਲ

ਚੰਡੀਗੜ੍ਹ, 22 ਫਰਵਰੀ 2024: ਹਰਿਆਣਾ ਵਿਧਾਨ ਸਭਾ ਵਿੱਚ ਚੱਲ ਰਹੇ ਬਜਟ ਇਜਲਾਸ ਦੌਰਾਨ ਸਦਨ ਦੇ ਆਗੂ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਤੁਰੰਤ ਫੈਸਲੇ ਲੈਣ ਦੀ ਆਪਣੀ ਵਚਨਬੱਧਤਾ ਦੁਹਰਾਈ। ਸਦਨ ‘ਚ ਚਰਚਾ ਦੌਰਾਨ ਤਿਗਾਂਵ ਦੇ ਵਿਧਾਇਕ ਰਾਜੇਸ਼ ਨਾਗਰ ਨੇ ਦੱਸਿਆ ਕਿ ਤਿਗਾਂਵ ਅਤੇ ਗ੍ਰੇਟਰ ਫਰੀਦਾਬਾਦ ਇਕ ਵੱਡਾ ਖੇਤਰ ਬਣ ਗਏ ਹਨ। ਇਸ ਲਈ ਤਿਗਾਂਵ ਨੂੰ ਸਬ-ਡਿਵੀਜ਼ਨ ਬਣਾਇਆ ਜਾਵੇ। ਇਸੇ ਤਰ੍ਹਾਂ ਕਈ ਵਿਧਾਇਕਾਂ ਨੇ ਵੀ ਸ਼ਹਿਰੀ ਖੇਤਰਾਂ ਵਿੱਚ ਸਾਲਾਂ ਤੋਂ ਰਹਿ ਰਹੇ ਲੋਕਾਂ ਨੂੰ ਰਿਹਾਇਸ਼ੀ ਜਾਇਦਾਦ ਦੇ ਮਾਲਕੀ ਹੱਕ ਦੇਣ ਦੀ ਮੰਗ ਉਠਾਈ ਸੀ, ਜਿਸ ਨੂੰ ਮੁੱਖ ਮੰਤਰੀ ਨੇ ਤੁਰੰਤ ਪੂਰਾ ਕੀਤਾ।

ਇਜਲਾਸ ਦੌਰਾਨ ਹੀ ਮੁੱਖ ਮੰਤਰੀ (Manohar Lal) ਨੇ ਤਿਗਾਂਵ ਨੂੰ ਸਬ-ਡਿਵੀਜ਼ਨ ਬਣਾਉਣ ਦਾ ਐਲਾਨ ਕੀਤਾ ਅਤੇ ਇਸ ਦੀ ਰਸਮੀ ਕਾਰਵਾਈ ਜਲਦੀ ਹੀ ਮੁਕੰਮਲ ਕਰ ਲਈ ਜਾਵੇਗੀ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਸ਼ਹਿਰਾਂ ਦੇ ਨਾਲ ਲੱਗਦੇ ਖੇਤਰਾਂ ਵਿੱਚ ਸਾਲਾਂ ਤੋਂ ਮਕਾਨ ਬਣਾ ਰਹੇ ਲੋਕਾਂ ਨੂੰ ਮਾਲਕੀ ਹੱਕ ਦੇਣ ਲਈ ਇੱਕ ਹਫ਼ਤੇ ਦੇ ਅੰਦਰ ਨੀਤੀ ਲਿਆਉਣ ਦਾ ਐਲਾਨ ਵੀ ਕੀਤਾ। ਇਸ ਨੀਤੀ ਤਹਿਤ ਜਿਹੜੇ ਲੋਕ 20 ਸਾਲਾਂ ਤੋਂ ਰਿਹਾਇਸ਼ੀ ਪਲਾਟਾਂ ਵਿੱਚ ਮਕਾਨ ਬਣਾ ਰਹੇ ਹਨ, ਉਨ੍ਹਾਂ ਨੂੰ ਮਾਲਕੀ ਦਾ ਹੱਕ ਮਿਲ ਸਕੇਗਾ।

ਵਰਨਣਯੋਗ ਹੈ ਕਿ ਮੁੱਖ ਮੰਤਰੀ ਦੀ ਪਹਿਲਕਦਮੀ ‘ਤੇ ਸ਼ਹਿਰਾਂ, ਨਗਰ ਪਾਲਿਕਾਵਾਂ, ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਦੀਆਂ ਜਾਇਦਾਦਾਂ 20 ਸਾਲਾਂ ਤੋਂ ਲੀਜ਼ ‘ਤੇ ਲੈ ਕੇ ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਚਲਾ ਰਹੇ ਲੋਕਾਂ ਨੂੰ ਪਹਿਲਾਂ ਹੀ ਮਾਲਕੀ ਦਿੱਤੀ ਜਾ ਚੁੱਕੀ ਹੈ |