ਚੰਡੀਗੜ੍ਹ, 19 ਅਗਸਤ 2023: ਪੰਜਾਬ ਵਿੱਚ ਹੜ੍ਹ ਨੇ ਮੁੜ ਤਬਾਹੀ ਮਚਾਈ ਹੋਈ ਹੈ | ਹਰੀਕੇ ਪੱਤਣ (Harike Head) ਤੋਂ ਵੱਡੀ ਮਾਤਰਾ ਵਿਚ ਪਾਣੀ ਛੱਡੇ ਜਾਣ ਕਾਰਨ ਦਰਿਆ ਦਾ ਪਿੰਡ ਕੁੱਤੀਵਾਲਾ ਨੇੜਿਓਂ ਧੁੱਸੀ ਬੰਨ੍ਹ ਟੁੱਟ ਜਾਣ ਕਾਰਨ ਭਾਰੀ ਮਾਤਰਾ ਵਿਚ ਪਾਣੀ ਤੇਜ਼ੀ ਨਾਲ ਕੁੱਤੀਵਾਲਾ ਸਭਰਾਂ ਵੱਲ ਵਧ ਰਿਹਾ ਹੈ। ਲੋਕ ਘਰਾਂ ਵਿਚੋਂ ਸਮਾਨ ਕੱਢ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ।
ਪਹਿਲਾਂ ਹੀ ਦਰਿਆ ਦਾ ਪਾਣੀ ਉਸ ਇਲਾਕੇ ਵਿਚ ਤਬਾਹੀ ਮਚਾ ਰਿਹਾ ਹੈ। ਲੋਕਾਂ ਵਲੋਂ ਬੀਤੀ ਰਾਤ ਤੋਂ ਹੀ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਮਿੱਟੀ ਦੇ ਤੋੜੇ ਭਰ ਕੇ ਬਚਾਇਆ ਜਾ ਰਿਹਾ ਸੀ ਪਰ ਪਾਣੀ ਦਾ ਵਹਾਅ ਤੇਜ਼ ਹੋ ਜਾਣ ਕਾਰਨ ਅੱਜ ਦੁਪਹਿਰੇ ਇਹ ਬੰਨ੍ਹ ਟੁੱਟ ਗਿਆ ਹੈ। ਇਸ ਬੰਨ੍ਹ ਦੇ ਟੁੱਟਣ ਨਾਲ ਦਰਜਨਾਂ ਪਿੰਡ ਪਾਣੀ ਦੀ ਲਪੇਟ ਵਿਚ ਆ ਜਾਣਗੇ।
ਇਸ ਦੇ ਨਾਲ ਹੀ ਸਰਹੱਦ ‘ਤੇ ਬੀਐਸਐਫ ਚੌਕੀ ਪਾਣੀ ਵਿੱਚ ਡੁੱਬ ਗਈ ਹੈ ਅਤੇ ਲੱਗਭਗ 24 ਜਵਾਨਾਂ ਨੂੰ ਉੱਥੋ ਕੱਢਿਆ ਗਿਆ ਹੈ । ਪੰਜਾਬ ਦੇ 7 ਜ਼ਿਲ੍ਹਿਆਂ ਦੇ 89 ਪਿੰਡ ਹੜ੍ਹ ਦੀ ਲਪੇਟ ਵਿੱਚ ਹਨ। ਭਾਖੜਾ ਡੈਮ ਅਤੇ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਇਹ ਸਥਿਤੀ ਪੈਦਾ ਹੋਈ ਹੈ। ਹੜ੍ਹ ਨੇ ਰੋਪੜ, ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ ਅਤੇ ਗੁਰਦਾਸਪੁਰ ਨੂੰ ਪ੍ਰਭਾਵਿਤ ਕੀਤਾ ਹੈ।
ਦੂਜੇ ਪਾਸੇ ਅਨੰਦਪੁਰ ਸਾਹਿਬ ਵਿੱਚ ਆਪਣੇ ਹਲਕੇ ਲੋਕਾਂ ਦੀ ਮੱਦਦ ਕਰਨ ਵਿੱਚ ਲੱਗੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਮਾਰਿਆ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ । ਉਨ੍ਹਾਂ ਦੇ ਪੈਰ ਵਿੱਚ ਸੋਜ ਆ ਗਈ ਸੀ ਜਿਸ ਤੋਂ ਬਾਅਦ ਸਾਰੇ ਟੈਸਟ ਕੀਤੇ ਗਏ ਹਨ ਹੁਣ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਬੈਂਸ ਨੇ ਆਪ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ।