ਜੈਕਬ ਡਰੇਨ

ਜੈਕਬ ਡਰੇਨ ‘ਚ ਲੱਗੇ ਗੰਦਗੀ ਦੇ ਅੰਬਾਰ ਨਾਲ ਲੋਕ ਪਰੇਸ਼ਾਨ, ਬਿਮਾਰੀਆਂ ਫੈਲਣ ਦਾ ਖਦਸ਼ਾ

ਪਟਿਆਲਾ 07 ਮਾਰਚ 2024: ਪਟਿਆਲਾ ਸ਼ਹਿਰ ਦੇ ਅੰਦਰੂਨੀ ਹਿੱਸੇ ਮਹਿੰਦਰਾ ਕਾਲਜ ਦੇ ਸਾਹਮਣੇ ਤੋਂ ਲੰਘਦੀ ਜੈਕਬ ਡਰੇਨ ਵਿੱਚ ਇਸ ਸਮੇਂ ਗੰਦਗੀ ਦੇ ਅੰਬਾਰ ਲੱਗ ਚੁੱਕੇ ਹਨ, ਜਿਸ ਕਾਰਨ ਆਲੇ ਦੁਆਲੇ ਵਸਦੀ ਹਜ਼ਾਰਾਂ ਲੋਕਾਂ ਦੀ ਅਬਾਦੀ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣ ਗਿਆ ਹੈ, ਜਿਸਤੋਂ ਲੋਕ ਬੇਹੱਦ ਪਰੇਸ਼ਾਨ ਹਨ।

ਜੈਕਬ ਡਰੇਨ ਨੇੜੇ ਵਸੀਆਂ ਕਲੋਨੀਆਂ ਜਿਨ੍ਹਾਂ ਵਿੱਚ ਮਹਿੰਦਰਾ ਕਲੋਨੀ ਬੀ ਅਤੇ ਹੋਰਨਾਂ ਨੇ ਮੁਹੱਲਾ ਸੁਧਾਰ ਕਮੇਟੀ ਬਣਾ ਕੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਇਸਦੀ ਸਫਾਈ ਕਰਵਾਈ ਜਾਵੇ। ਮੁਹੱਲਾ ਸੁਧਾਰ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ, ਵਿੱਤ ਸਕੱਤਰ ਕਰਨੈਲ ਸਿੰਘ, ਜਨਰਲ ਸਕੱਤਰ ਇੰਦਰ ਦੀਪ ਸਿੰਘ, ਜਥੇਦਾਰ ਕ੍ਰਿਪਾਲ ਸਿਘ ਮੁੱਖ ਸਲਾਹਕਾਰ, ਜਸਪਾਲ ਸਿੰਘ, ਹੁਕਮ ਸਿੰਘ, ਪਰਮਜੀਤ ਜੋਸਨ ਅਤੇ ਹੋਰ ਵਸਨੀਕਾਂ ਨੇ ਆਖਿਆ ਕਿ ਇਸ ਵੇਲੇ ਜਿੰਨੀ ਗੰਦਗੀ ਜੈਕਬ ਡਰੇਨ ਵਿੱਚ ਹੈ। ਉਸਤੋਂ ਅਧਾ ਪਟਿਆਲਾ ਬੇਹੱਦ ਪਰੇਸ਼ਾਨ ਹੈ।

ਉਨ੍ਹਾਂ ਆਖਿਆ ਕਿ ਇਸਦੀ ਲੰਬੇ ਸਮੇਂ ਤੋਂ ਸਫਾਈ ਨਹੀਂ ਹੋਈ, ਜਿਸ ਕਾਰਨ ਲੋਕ ਦੁੱਖੀ ਹਨ ਕਿਉਂਕਿ ਇਸ ਵਿੱਚ ਮੱਛਰ, ਮੱਖੀਆਂ, ਬਦਬੂ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ। ਲੋਕਾਂ ਨੇ ਮੰਗ ਕੀਤੀ ਕਿ ਤੁਰੰਤ ਇਸਦੀ ਪੂਰੀ ਤਰ੍ਹਾਂ ਸਫਾਈ ਕਰਵਾਈ ਜਾਵੇ। ਮੁਹੱਲਾ ਸੁਧਾਰ ਕਮੇਟੀ ਦੇ ਵਫ਼ਦ ਨੇ ਆਖਿਆ ਕਿ ਉਹ ਇਸ ਸਬੰਧੀ ਪਟਿਆਲਾ ਦੇ ਡਿਪਟੀ ਕਮਿਸ਼ਨਰ, ਨਗਰ ਨਿਗਮ ਦੇ ਕਮਿਸ਼ਨਰ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਮੈਮੋਰੰਡਮ ਦੇਣਗੇ ਕਿ ਤੁਰੰਤ ਇਸ ਡਰੇਨ ਦੀ ਸਫਾਈ ਕਰਵਾਈ ਜਾਵੇ ਤੇ ਇਸਨੂੰ ਸ਼ਹਿਰ ਦੇ ਬਾਕੀ ਨਾਲਿਆਂ ਦੀ ਤਰ੍ਹਾਂ ਕਵਰ ਕਰਵਾ ਕੇ ਇਸ ਉਪਰ ਲੈਂਟਰ ਪਾ ਕੇ ਬੰਦ ਕਰਵਾਇਆ ਜਾਵੇ।

ਮੁਹੱਲਾ ਸੁਧਾਰ ਕਮੇਟੀ ਨੇ ਇਸ ਮੌਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜੈਕਬ ਡਰੇਨ ਦੀ ਪੂਰੀ ਤਰ੍ਹਾਂ ਸਫਾਈ ਕਰਵਾ ਕੇ ਇਸਨੂੰ ਉਪਰੋਂ ਲੈਂਟਰ ਪਵਾ ਕੇ ਬੰਦ ਕਰਵਾਵੇ ਤਾਂ ਜੋ ਇਸਦੇ ਅੰਦਰੋ ਪਾਣੀ ਚੱਲਦਾ ਰਹਿ ਸਕੇ ਤੇ ਆਲੇ ਦੁਆਲੇ ਵਸਦੇ ਲੋਕ ਸੁੱਖ ਦਾ ਸਾਹ ਲੈ ਸਕਣ। ਮੁਹੱਲਾ ਸੁਧਾਰ ਕਮੇਟੀ ਨੇ ਆਖਿਆ ਕਿ ਇੱਕ ਵਾਰ ਪਹਿਲਾਂ ਇਸ ਸਬੰਧੀ ਕਈ ਕਰੋੜ ਦਾ ਬਜਟ ਤਿਆਰ ਕੀਤਾ ਗਿਆ ਸੀ ਪਰ ਉਸਨੂੰ ਅਜੇ ਬੁਰ ਨਹੀਂ ਪਿਆ। ਉਨ੍ਹਾ ਡਿਪਟੀ ਕਮਿਸ਼ਨਰ ਪਟਿਆਲਾ ਤੇ ਕਮਿਸ਼ਨਰ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਲੋਕਾਂ ਦੀ ਸੁਣਵਾਈ ਕਰਨ ਅਤੇ ਇਸ ਵੱਡੀ ਸਮੱਸਿਆ ਤੋਂ ਲੋਕਾਂ ਦਾ ਖਹਿੜਾ ਛੁਡਵਾ ਕੇ ਦੇਣ।

Scroll to Top