ਘਨੌਰ ਤੇ ਦੂਧਨਸਾਧਾਂ ਇਲਾਕਿਆਂ ‘ਚ ਘੱਗਰ ਤੇ ਟਾਂਗਰੀ ਨਦੀਆਂ ਦਾ ਪਾਣੀ ਵਧਣ ਕਾਰਨ ਲੋਕਾਂ ਨੂੰ ਨਦੀਆਂ ਦੇ ਨੇੜੇ ਨਾ ਜਾਣ ਦੀ ਸਲਾਹ

ਦੂਧਨਸਾਧਾਂ 31 ਅਗਸਤ 2025 : ਪਟਿਆਲਾ (patiala) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਨੌਰ ਤੇ ਦੂਧਨਸਾਧਾਂ ਇਲਾਕਿਆਂ ਵਿੱਚ ਘੱਗਰ ਤੇ ਟਾਂਗਰੀ ਨਦੀਆਂ ‘ਚ ਪਾਣੀ ਦਾ ਪੱਧਰ ਵਧਣ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨਦੀਆਂ ਦੇ ਨੇੜੇ ਨਾ ਜਾਣ ਅਤੇ ਆਪਣੇ ਬੱਚਿਆਂ ਤੇ ਮਵੇਸ਼ੀਆਂ ਨੂੰ ਵੀ ਪਾਣੀ ਦੇ ਵਹਾਅ ਨੇੜੇ ਨਾ ਜਾਣ ਦੇਣ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਘਨੌਰ ਦੇ ਪਿੰਡਾਂ ਊਂਟਸਰ, ਕਾਮੀ ਖੁਰਦ, ਚਮਾਰੂ, ਸਰਾਲਾ, ਵਿਖੇ ਖਾਸ ਨਜ਼ਰ ਰੱਖੀ ਜਾ ਰਹੀ ਹੈ।ਜਦਕਿ ਮਾੜੂ ਵਿਖੇ ਘੱਗਰ ਦੇ ਪਾਣੀ ਨਾਲ ਖੁਰਨ ਵਾਲੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਘੱਗਰ ਨੇੜੇ ਲੱਗਦੇ ਸਬ ਡਵੀਜ਼ਨ ਦੂਧਨਸਾਧਾਂ ਦੇ ਪਿੰਡ ਭਸਮੜਾ, ਜਲਾਹ ਖੇੜੀ, ਖੇੜੀ ਰਾਜੂ ਸਿੰਘ ਵਿਖੇ ਵੀ ਘੱਗਰ ਦਾ ਪਾਣੀ ਵਧਿਆ ਹੋਇਆ ਹੈ, ਉਥੇ ਵੀ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।

ਦੱਸ ਦੇਈਏ ਕਿ ਇਸ ਤੋਂ ਇਲਾਵਾ ਟਾਂਗਰੀ ਨਦੀ ਦੇ ਕੰਢੇ ਲੱਗਦੇ ਪਿੰਡਾਂ ਮਹਿਮਦਪੁਰ ਰੁੜਕੀ, ਦੇਵੀ ਨਗਰ, ਹਰੀਗੜ੍ਹ, ਰੋਹੜ ਜਗੀਰ, ਲੇਹਲ ਜਾਗੀਰ, ਦੁੱਧਨ ਗੁਜਰਾਂ, ਅਦਾਲਤੀਵਾਲਾ, ਮੱਘਰ ਸਾਹਿਬ, ਮੋਹਲਗੜ੍ਹ ਦੇ ਨੀਵੇਂ ਪਾਸੇ, ਖਾਂਸਾ, ਰੱਤਾਖੇੜਾ, ਔਜਾਂ, ਖਤੌਲੀ, ਗਣੇਸ਼ਪੁਰ, ਖਰਾਬਗੜ੍ਹ, ਬੀਬੀਪੁਰ, ਜੋਧਪੁਰ, ਬੁਧਮੋਰ, ਸਾਦਿਕ ਪੁਰ ਬੀੜਾਂ ਦੇ ਵਸਨੀਕਾਂ ਨੂੰ ਸਾਵਧਾਨੀ ਵਰਤਣ ਸਮੇਤ ਦਰਿਆਈ ਖੇਤਰ ਦੇ ਨੇੜੇ ਨਾ ਜਾਣ ਲਈ ਕਿਹਾ ਗਿਆ ਹੈ।ਜਦਕਿ ਪਟਿਆਲਾ ਸਬ ਡਵੀਜ਼ਨ ਦੇ ਪਿੰਡ ਹਡਾਣਾ, ਪੁਰ ਅਤੇ ਸਿਰਕੱਪੜਾ ਵਿਖੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਐਸ ਡੀ ਐਮ ਰਾਜਪੁਰਾ ਅਵਿਕੇਸ਼ ਗੁਪਤਾ, ਦੂਧਨ ਸਾਧਾਂ ਦੇ ਐਸ ਡੀ ਐਮ ਦੂਧਨਸਾਧਾਂ ਕਿਰਪਾਲਵੀਰ ਸਿੰਘ ਅਤੇ ਪਟਿਆਲਾ ਦੇ ਐਸ ਡੀ ਐਮ ਹਰਜੀਤ ਕੌਰ ਮਾਵੀ ਵੱਲੋਂ ਆਪਣੀਆਂ ਟੀਮਾਂ ਸਮੇਤ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਲਗਾਤਾਰ ਘੱਗਰ ਤੇ ਟਾਂਗਰੀ ਨਦੀਆਂ ਵਿੱਚ ਪਾਣੀ ਦੇ ਵਧੇ ਹੋਏ ਪੱਧਰ ਅਤੇ ਵਹਾਅ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਘਈ ਤੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਵੱਲੋਂ ਨਦੀਆਂ ਦੇ ਕਮਜ਼ੋਰ ਕਿਨਾਰਿਆਂ ਨੂੰ ਮਜ਼ਬੂਤ ਕਰਨ ਸਮੇਤ ਜਿੱਥੇ ਕਿਤੇ ਲੋੜ ਜਾਪ ਰਹੀ ਹੈ, ਉਥੇ ਵੀ ਬੰਨ੍ਹਾਂ ‘ਤੇ ਮਿੱਟੀ ਨਾਲ ਭਰੇ ਥੈਲਿਆਂ ਨਾਲ ਕਾਰਜ ਕੀਤੇ ਜਾ ਰਹੇ ਹਨ। ਲੋੜ ਮੁਤਾਬਕ ਜੰਬੋ ਬੈਗ ਤੇ ਹੋਰ ਸਮੱਗਰੀ ਵੀ ਤਿਆਰ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੜ੍ਹਾਂ ਬਾਬਤ ਕਿਸੇ ਵੀ ਕਿਸਮ ਦੀ ਕੋਈ ਅਫ਼ਵਾਹ ‘ਤੇ ਯਕੀਨ ਨਾ ਕਰਨ ਸਗੋਂ ਸਰਕਾਰੀ ਪੱਧਰ ‘ਤੇ ਅਧਿਕਾਰਤ ਸਰੋਤਾਂ ਰਾਹੀਂ ਦਿੱਤੀ ਜਾਣ ਵਾਲੀ ਸੂਚਨਾ ਉਪਰ ਹੀ ਧਿਆਨ ਦੇਣ ਜਾਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੜ੍ਹ ਕੰਟਰੋਲ ਰੂਮ ਨੰਬਰਾਂ 0175-2350550 ਤੇ 2358550 ‘ਤੇ ਸੰਪਰਕ ਕਰ ਸਕਦੇ ਹਨ।

ਡਾ. ਪ੍ਰੀਤੀ ਯਾਦਵ ਨੇ ਹੋਰ ਕਿਹਾ ਕਿ ਪਟਿਆਲਾ ਨਦੀ ਵਿੱਚ ਪਾਣੀ ਆਉਣ ਦਾ ਕੋਈ ਖ਼ਦਸ਼ਾ ਨਹੀਂ ਹੈ, ਇਸ ਲਈ ਪਟਿਆਲਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਹੈ ਕਿ ਉਹ ਵੱਡੀ ਨਦੀ ਵਿੱਚ ਪਾਣੀ ਬਾਬਤ ਕਿਸੇ ਕਿਸਮ ਦੀ ਕਿਸੇ ਅਫ਼ਵਾਹ ਉਪਰ ਯਕੀਨ ਨਾ ਕਰਨ ਅਤੇ ਨਾ ਹੀ ਘਬਰਾਹਟ ਵਿੱਚ ਆਉਣ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਆਪਣੇ ਨਾਗਰਿਕਾਂ ਦੀ ਹਰ ਤਰ੍ਹਾਂ ਨਾਲ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ।

Read More: ਕੇਂਦਰ ਦੀ ਲਾਪਰਵਾਹੀ ਨੇ 37 ਸਾਲਾਂ ਦੇ ਸਭ ਤੋਂ ਭਿਆਨਕ ਹੜ੍ਹਾਂ ਨੂੰ ਹੋਰ ਵੀ ਬਦਤਰ ਬਣਾ ਦਿੱਤਾ: ਬਰਿੰਦਰ ਕੁਮਾਰ ਗੋਇਲ

Scroll to Top