PBTI

ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ ਵਿਖੇ ਪਾਣੀ ਦੀ ਵਾਇਰੋਲੌਜੀਕਲ ਟੈਸਟਿੰਗ ਦੀ ਸ਼ੁਰੂਆਤ: ਮੀਤ ਹੇਅਰ

ਚੰਡੀਗੜ੍ਹ, 06 ਸਤੰਬਰ 2023: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਸੂਬਾ ਵਾਸੀਆਂ ਲਈ ਸ਼ੁੱਧ ਵਾਤਾਵਰਣ ਮਾਹੌਲ ਦੇਣ ਦੀ ਵਚਨਬੱਧਤਾ ਉਤੇ ਚੱਲਦਿਆਂ ਸਾਇੰਸ ਤਕਨਾਲੋਜੀ ਤੇ ਵਾਤਾਵਰਣ ਵਿਭਾਗ ਵੱਲੋਂ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ (PBTI) ਪਾਣੀ ਦੀ ਵਾਇਰੋਲੌਜੀਕਲ ਟੈਸਟਿੰਗ ਦੀ ਸ਼ੁਰੂਆਤ ਕੀਤੀ ਹੈ।

ਸਾਇੰਸ ਤਕਨਾਲੋਜੀ ਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇ ਪਾਣੀ ਦੀ ਜਾਂਚ ਕਰਨ ਵਾਇਰੋਲੌਜੀਕਲ ਟੈਸਟਿੰਗ ਦੀ ਸ਼ੁਰੂਆਤ ਕੀਤੀ ਗਈ ਹੈ। ਬਾਰਸ਼ਾਂ ਦੇ ਮੌਸਮ ਵਿੱਚ ਪਾਣੀ ਤੋਂ ਹੋਣ ਵਾਲੀਆਂ ਬਿਮਾਰਿਆਂ ਜਿਵੇਂ ਕਿ ਹੈਜ਼ਾ, ਟਾਈਫਾਈਡ, ਹੈਪੇਟਾਈਟਸ (ਹੈਪੇਟਾਈਟਸ ਏ ਅਤੇ ਈ) ਅਤੇ ਦਸਤ ਆਮ ਤੌਰ ‘ਤੇ ਫੈਲਦੀਆਂ ਹਨ ਜਿਸ ਕਰਕੇ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਹੈਪੇਟਾਈਟਸ ਏ ਅਤੇ ਈ ਕਾਰਨ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵਿੱਚ ਵਾਧਾ ਹੋਇਆ ਹੈ। ਹੈਪੇਟਾਈਟਸ ਏ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਹੈਪੇਟਾਈਟਸ ਈ ਗਰਭਵਤੀ ਔਰਤਾਂ ਵਿੱਚ ਪਾਇਆ ਜਾਂਦਾ ਹੈ।

ਮੀਤ ਹੇਅਰ ਨੇ ਅੱਗੇ ਦੱਸਿਆ ਕਿ ਟੈਸਟਿੰਗ ਦੀ ਸ਼ੁਰੂਆਤ ਵਿੱਚ ਐਸ.ਏ.ਐਸ. ਨਗਰ, ਰੂਪਨਗਰ, ਲੁਧਿਆਣਾ ਅਤੇ ਮੁਕਤਸਰ ਤੋਂ ਪੀਣ ਵਾਲੇ ਪਾਣੀ ਦੇ 200 ਨਮੂਨਿਆਂ ‘ਤੇ ਕੀਤੇ ਗਏ ਅਧਿਐਨ ਵਿੱਚੋਂ 10 ਫੀਸਦੀ ਵਿੱਚ ਐਮ.ਐਸ-2 ਫੇਜ਼ਜ ਦੀ ਮੌਜੂਦਗੀ ਪਾਈ ਗਈ ਹੈ।​ਮੌਜੂਦਾ ਸਮੇਂ ਵਿੱਚ ਵੱਖ-ਵੱਖ ਵਿਸ਼ਾਣੂਆਂ ਲਈ ਪਾਣੀ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਹੈਪੇਟਾਈਟਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਇਰਸ ਤੋਂ ਦੂਸ਼ਿਤ ਪਾਣੀ ਦੀ ਜਾਂਚ ਵੀ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਪੀਣ ਵਾਲੇ ਪਾਣੀ ਦੇ ਭਾਰਤੀ ਮਾਪਦੰਡਾਂ ਅਨੁਸਾਰ ਪਾਣੀ ਵਿੱਚ ਐਮ.ਐਸ-2 ਦੀ ਮੌਜੂਦਗੀ ਨੂੰ ਵਾਇਰੋਲੌਜੀਕਲ ਕੰਟੈਮੀਨੇਸ਼ਨ ਦਾ ਸੂਚਕ ਮੰਨਿਆ ਜਾਂਦਾ ਹੈ।

​ਜ਼ਿਕਰਯੋਗ ਹੈ ਕਿ ਪੀ.ਬੀ.ਟੀ.ਆਈ. (PBTI) ਇੱਕ ਬਹੁ-ਖੇਤਰੀ ਹਾਈ-ਐਂਡ ਐਨਾਲਿਟੀਕਲ, ਪੰਜਾਬ ਦੀ ਪਹਿਲੀ ਐਨ.ਏ.ਬੀ.ਐਲ. ਮਾਨਤਾ ਪ੍ਰਾਪਤ ਸਹੂਲਤ ਹੈ ਜਿਸ ਨੇ ਪੀਣ ਵਾਲੇ ਪਾਣੀ ਵਿੱਚ ਵਾਇਰਸ ਸਕਰੀਨਿੰਗ ਐਮ.ਐਸ-2 ਲਈ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ ਹਨ।

Scroll to Top