July 2, 2024 8:19 pm
PAU

PAU ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਸਿਖਲਾਈ ਕੋਰਸ ਕਰਵਾਇਆ

ਲੁਧਿਆਣਾ 15 ਨਵੰਬਰ, 2023: ਪੀ.ਏ.ਯੂ. (PAU) ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਪੰਜ ਦਿਨਾਂ ਅਨਾਜ, ਦਾਲਾਂ, ਮੋਟੇ ਅਨਾਜ ਅਤੇ ਹੋਰ ਘੱਟ ਵਰਤੀਆਂ ਜਾਣ ਵਾਲੀਆਂ ਫ਼ਸਲਾਂ ਦੀ ਗੁਣਵੱਤਾ ਵਿੱਚ ਵਾਧਾ ਕਰਨ ਸਬੰਧੀ ਵਿਸ਼ੇਸ਼ ਸਿਖਲਾਈ ਕੋਰਸ ਲਗਾਇਆ ਗਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਕੋਰਸ ਆਈ ਟੀ ਬੀ ਆਈ- ਨਿਧੀ ਯੋਜਨਾ ਦੇ ਸਹਿਯੋਗ ਨਾਲ ਕਰਵਾਇਆ ਗਿਆ| ਇਸ ਕੋਰਸ ਵਿਚ 18 ਸਿਖਿਆਰਥੀਆਂ ਨੇ ਭਾਗ ਲਿਆ|

ਇਸ ਕੋਰਸ ਦੇ ਕੋਆਰਡੀਨੇਟਰ ਡਾ. ਪ੍ਰੇਰਨਾ ਕਪਿਲਾ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵੱਖ-ਵੱਖ ਸਿਖਲਾਈ ਕੋਰਸ ਬਾਰੇ ਦੱਸਿਆ ਅਤੇ ਸਿਖਿਆਰਥੀਆਂ ਨੂੰ ਕਿੱਤਾ ਮੁਖੀ ਸਿਖਲਾਈ ਕਰਕੇ ਆਤਮ-ਨਿਰਭਰ ਹੋਣ ਲਈ ਪ੍ਰੇਰਿਤ ਕੀਤਾ| ਇਸ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਜਸਵਿੰਦਰ ਕੌਰ ਬਰਾੜ ਨੇ ਘੱਟ ਵਰਤੋਂ ਵਿੱਚ ਆਉਣ ਵਾਲੀਆਂ ਹਰੇ ਪੱਤੇਦਾਰ ਸਬਜ਼ੀਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ| ਇਸ ਤੋਂ ਇਲਾਵਾ ਭੋਜਨ ਤੇ ਪੋਸ਼ਣ ਵਿਭਾਗ ਦੇ ਮਾਹਿਰਾਂ ਨੇ ਵੱਖ-ਵੱਖ ਵਿਸ਼ਿਆਂ ਤੇ ਵਿਸਥਾਰ ਪੂਰਵਕ ਤੇ ਪ੍ਰੈਕਟਿਕਲ ਜਾਣਕਾਰੀ ਦਿੱਤੀ ਜਿਵੇਂ ਕਿ ਮੱਕੀ ਦੇ ਰੇਸ਼ਮ ਤੋਂ ਪਦਾਰਥਾਂ, ਚੁਕੰਦਰ ਦੀ ਵਰਤੋਂ, ਮੋਟੇ ਅਨਾਜਾਂ ਤੋਂ ਪਦਾਰਥ, ਫਲਾਂ ਤੇ ਸਬਜ਼ੀਆਂ ਦੀ ਗੁਣਵੱਤਾ ਵਿੱਚ ਵਾਧਾ ਕਰਨ ਬਾਰੇ|

ਫੂਡ ਸਾਇੰਸ ਅਤੇ ਤਕਨਾਲੋਜੀ ਦੇ ਮੁਖੀ ਅਤੇ ਟੈਕਨੀਕਲ ਕੋਆਰਡੀਨੇਟਰ (PAU) ਡਾ. ਸਵਿਤਾ ਸ਼ਰਮਾ, ਡਾ. ਜਸਪ੍ਰੀਤ ਕੌਰ, ਡਾ. ਬਲਜੀਤ ਸਿੰਘ, ਡਾ. ਅਰਸ਼ਦੀਪ ਸਿੰਘ, ਡਾ. ਅੰਤਿਮਾ ਗੁਪਤਾ, ਡਾ. ਕਮਲਜੀਤ ਕੌਰ ਨੇ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਅਨਾਜਾਂ ਤੋਂ ਪਦਾਰਥ: ਬਿਸਕੁਟ, ਕੁਕੀਜ਼, ਐਕਸਟਰੂਡਡ ਸਨੈਕਸ, ਸੋਇਆ ਪਦਾਰਥ, ਬਹੁ-ਅਨਾਜੀ ਆਟਾ, ਕੇਕ, ਬਰੈੱਡ ਆਦਿ ਬਣਾਉਣ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ|

ਇਸ ਤੋਂ ਇਲਾਵਾ ਡਾ. ਰਜਿੰਦਰ ਕੁਮਾਰ ਨੇ ਜੜੀ-ਬੂਟੀਆਂ ਵਾਲੇ ਪੌਦਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ| ਡਾ. ਮਹੇਸ਼ ਕੁਮਾਰ ਨੇ ਫੂਡ ਪ੍ਰੋਸੈਸਿੰਗ ਪਲਾਂਟ ਦੀ ਲੇਆਊਟ ਬਾਰੇ, ਡਾ. ਪ੍ਰੀਤਇੰਦਰ ਸਿੰਘ ਨੇ ਪੈਕੇਜਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ| ਇਸ ਮੌਕੇ ਡਾ. ਲਵਲੀਸ਼ ਗਰਗ ਨੇ ਫੂਡ ਪ੍ਰੋਸੈਸਿੰਗ ਨੂੰ ਇੱਕ ਕਿੱਤੇ ਦੇ ਤੌਰ ‘ਤੇ ਅਪਣਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ|