July 5, 2024 7:00 am
Patiala

ਪਟਿਆਲਾ ਤੋਂ ਜੀ.ਟੀ. ਰੋਡ ਸਰਹਿੰਦ ਤੱਕ ਸੜਕ ਨੂੰ ਚਹੁੰਮਾਰਗੀ ਪ੍ਰਾਜੈਕਟ ਦੇ ਬਿਜਲੀ ਦੇ ਖੰਭੇ ਤੇ ਲਾਇਨਾਂ ਦਾ ਕੰਮ 15 ਜੂਨ ਤੱਕ ਹੋਵੇ ਮੁਕੰਮਲ: ਡੀ.ਸੀ. ਪਟਿਆਲਾ

ਪਟਿਆਲਾ, 5 ਮਈ, 2023: ਪਟਿਆਲਾ (Patiala) ਤੋਂ ਜੀ.ਟੀ ਰੋਡ ਸਰਹਿੰਦ ਤੱਕ ਸੜਕ ਨੂੰ ਚਹੁੰਮਾਰਗੀ ਕੀਤੇ ਜਾਣ ਦੇ ਪ੍ਰਾਜੈਕਟ ਦੀ ਸਮੀਖਿਆ ਕੀਤੀ ਗਈ ਹੈ ਅਤੇ ਇਸ ਸੜਕ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਣਾ ਹੈ। ਪ੍ਰਸ਼ਾਸਨ ਦੀ ਮੀਟਿੰਗ ‘ਚ ਪੰਜਾਬ ਰਾਜ ਬਿਜਲੀ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਨੂੰ ਹਦਾਇਤ ਕੀਤੀ ਗਈ ਕਿ ਇਸ ਸੜਕ ਦੇ ਕਿਨਾਰਿਆਂ ਤੋਂ ਖੰਭੇ ਤੇ ਬਿਜਲੀ ਲਾਇਨਾਂ ਨੂੰ ਤਬਦੀਲ ਕਰਨ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ ਅਤੇ ਇਹ ਕੰਮ ਕੰਮ 15 ਜੂਨ 2023 ਤੱਕ ਮੁਕੰਮਲ ਕੀਤਾ ਜਾਵੇ ਅਤੇ ਸੈਕਟਰ ਵਾਈਜ ਰਿਪੋਰਟ ਨਾਲੋ-ਨਾਲ ਦੱਫਤਰ ਨੂੰ ਜਮ੍ਹਾਂ ਕਰਵਾਈ ਜਾਵੇ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਸੜਕ ਉਪਰ ਹਾਦਸਿਆਂ ਦਾ ਕਾਰਨ ਬਣਦੇ ਖੱਡੇ ਤੁਰੰਤ ਮੁਰੰਮਤ ਕਰਨ ਲਈ ਕਾਰਜਕਾਰੀ ਇੰਜੀਨੀਅਰ, ਨੈਸ਼ਨਲ ਹਾਈਵੇ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਜਿਥੇ ਕਿਤੇ ਇਸ ਸੜਕ ਉਪਰ ਮੁਰੰਮਤ ਦੀ ਲੋੜ ਹੈ, ਉਸਨੂੰ ਵੀ ਤੁਰੰਤ ਨਿਪਟਾਇਆ ਜਾਵੇ। ਜਦੋਂਕਿ ਵਣ ਮੰਡਲ ਅਫ਼ਸਰ, ਪਟਿਆਲਾ ਦੇ ਦਫ਼ਤਰ ਨਾਲ ਤਾਲਮੇਲ ਕਰਕੇ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਤੇ ਜਲਵਾਯੂ ਨੂੰ ਪਰਿਵਰਤਨ ਮੰਤਰਾਲੇ ਵੱਲੋਂ ਲਗਾਏ ਗਏ ਇਤਰਾਜਾਂ ਦਾ ਜਵਾਬ ਵੀ ਤੁਰੰਤ ਦੇਕੇ ਰਿਪੋਰਟ ਜਮ੍ਹਾਂ ਕਰਵਾਈ ਜਾਵੇ।

ਪੰਜਾਬ ਸਰਕਾਰ ਨੇ ਪਟਿਆਲਾ (Patiala) ਤੋਂ ਜੀ.ਟੀ. ਰੋਡ ਸਰਹਿੰਦ ਤੱਕ 29 ਕਿਲੋਮੀਟਰ ਰਸਤੇ ਨੂੰ ਚੌੜਾ ਕਰਕੇ ਚਾਰ ਮਾਰਗੀ ਕਰਨ ਦੀ ਪ੍ਰਵਾਨਗੀ ਦਿੱਤੀ ਹੋਈ ਹੈ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਸਰਹਿੰਦ ਜੀ.ਟੀ. ਰੋਡ ਤੱਕ 29 ਕਿਲੋਮੀਟਰ ‘ਚੋਂ 21 ਕਿਲੋਮੀਟਰ ਦਾ ਕੰਮ ਸ਼ੁਰੂ ਹੋਣਾ ਬਾਕੀ ਹੈ ਜਦਕਿ ਪਟਿਆਲਾ ਤੋਂ ਬਾਰਨ ਤੱਕ 8 ਕਿਲੋਮੀਟਰ ਪਹਿਲਾਂ ਹੀ ਚਾਰ ਮਾਰਗੀ ਹੈ ਅਤੇ ਬਾਕੀ ਬਚਦੀ 10 ਮੀਟਰ ਚੌੜੀ 21 ਕਿਲੋਮੀਟਰ ਸੜਕ ਨੂੰ 4 ਮਾਰਗੀ ਕੀਤਾ ਜਾਵੇਗਾ, ਜਿਸ ਦੇ ਦੋਵੇਂ ਪਾਸੇ 8.75 ਮੀਟਰ ਚੌੜੇ ਹੋਣਗੇ ਤੇ ਵਿਚਕਾਰ 1.2 ਮੀਟਰ ਦਾ ਡੀਵਾਇਡਰ ਹੋਵੇਗਾ। ਡੀ ਸੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਤੋਂ ਬਾਰਨ ਤੱਕ ਦੀ ਚਾਰ ਮਾਰਗੀ ਸੜਕ ਨੂੰ ਹੋਰ ਮਜ਼ਬੂਤ ਕਰਨ ਤੋਂ ਇਲਾਵਾ ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ ‘ਤੇ ਨਵਾਂ ਸਟੀਲ ਪੁਲ ਲੱਗੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸੜਕ ਕੇਵਲ ਵਪਾਰਕ ਤੇ ਸਮਾਜਿਕ ਤੌਰ ‘ਤੇ ਹੀ ਮਹੱਤਤਾ ਨਹੀਂ ਰੱਖਦੀ ਬਲਕਿ ਇਹ ਧਾਰਮਿਕ ਤੌਰ ‘ਤੇ ਸ਼ਰਧਾਲੂਆਂ ਲਈ ਵੀ ਬਹੁਤ ਮਹੱਤਤਾ ਰੱਖਦੀ ਹੈ, ਕਿਉਂਕਿ ਇਸ ਮਾਰਗ ‘ਤੇ ਪਟਿਆਲਾ ‘ਚ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ, ਫ਼ਤਹਿਗੜ੍ਹ ਸਾਹਿਬ ਅਤੇ ਅੱਗੇ ਜਾ ਕੇ ਇਹ ਸੜਕ ਚਮਕੌਰ ਸਾਹਿਬ ਆਦਿ ਕਈ ਗੁਰਦੁਆਰਾ ਸਾਹਿਬ ਨੂੰ ਜੋੜਦੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ-ਸਰਹਿੰਦ ਰੋਡ ਇੱਕ ਅਹਿਮ ਮਾਰਗ ਹੈ, ਜੋਕਿ ਪਟਿਆਲਾ ਜ਼ਿਲ੍ਹੇ ਨੂੰ ਜੀ.ਟੀ. ਰੋਡ ਰਾਹੀਂ ਬਾਕੀ ਪੰਜਾਬ ਤੇ ਜੰਮੂ-ਕਸ਼ਮੀਰ-ਹਿਮਾਚਲ ਆਦਿ ਰਾਜਾਂ ਨਾਲ ਜੋੜਦਾ ਹੈ।