Site icon TheUnmute.com

ਪਟਿਆਲਾ: ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਆਜ਼ਾਦੀ ਦਿਹਾੜੇ ਸਮਾਗਮ ‘ਚ ਵੱਧ-ਚੜ੍ਹਕੇ ਹਿੱਸਾ ਲੈਣ ਦੀ ਅਪੀਲ

Independence Day

ਪਟਿਆਲਾ, 14 ਅਗਸਤ 2023 : ਦੇਸ਼ ਦੇ ਆਜ਼ਾਦੀ ਦਿਹਾੜੇ (Independence Day) ਮੌਕੇ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਜਾਣਕਾਰੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬੀਤੇ ਦਿਨ ਇੱਥੇ ਐਸ.ਐਸ.ਪੀ. ਵਰੁਣ ਸ਼ਰਮਾ ਨਾਲ ਇਸ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਦਾ ਜਾਇਜਾ ਲੈਣ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਸ. ਭਗਵੰਤ ਮਾਨ 15 ਅਗਸਤ ਦੇ ਸਮਾਗਮ ਮੌਕੇ ਕੌਮੀ ਝੰਡਾ ਲਹਿਰਾਉਣ ਉਪਰੰਤ ਪਰੇਡ ਦਾ ਨਿਰੀਖਣ ਕਰਨਗੇ ਅਤੇ ਪੰਜਾਬ ਵਾਸੀਆਂ ਦੇ ਨਾਮ ਆਪਣਾ ਸੰਦੇਸ਼ ਦੇਣਗੇ ਅਤੇ ਇਸ ਉਪਰੰਤ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਵੀ ਲੈਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਰੇਡ ਵਿੱਚ ਆਈ.ਟੀ.ਬੀ.ਪੀ. ਦੀ ਇੱਕ ਟੁਕੜੀ, ਪੰਜਾਬ ਪੁਲਿਸ ਰਿਕਰੂਟਮੈਂਟ ਟ੍ਰੇਨਿੰਗ ਸੈਂਟਰ ਦੀਆਂ ਦੋ ਟੁਕੜੀਆਂ, ਪੰਜਾਬ ਪੁਲਿਸ ਮਹਿਲਾ ਵਿੰਗ ਦੀਆਂ ਪੰਜ ਟੁਕੜੀਆਂ ਸਮੇਤ ਜ਼ਿਲ੍ਹਾ ਪੁਲਿਸ ਪਟਿਆਲਾ ਦੀ ਇੱਕ ਟੁਕੜੀ, ਹਿਮਾਚਲ ਪ੍ਰਦੇਸ਼ ਪੁਲਿਸ ਅਤੇ ਪੰਜਾਬ ਹੋਮ ਗਾਰਡਜ਼ ਦੀ ਇੱਕ-ਇੱਕ ਟੁਕੜੀ ਹਿੱਸਾ ਲਵੇਗੀ। ਉਨ੍ਹਾਂ ਦੱਸਿਆ ਕਿ ਚੌਥੀ ਪੰਜਾਬ ਐਨ.ਸੀ.ਸੀ. ਲੜਕੀਆਂ ਬਟਾਲੀਅਨ, ਪੰਜਵੀਂ ਪੰਜਾਬ ਐਨ.ਸੀ.ਸੀ., ਥਰੀ ਪੰਜਾਬ ਏਅਰ ਵਿੰਗ ਸਮੇਤ ਰੈਡ ਕਰਾਸ ਸੇਂਟ ਜੌਨ੍ਹ ਐਂਬੂਲੈਂਸ, ਭਾਰਤ ਸਕਾਊਟਸ ਤੇ ਭਾਰਤ ਗਰਲਜ਼ ਗਾਈਡ ਤੇ ਪੀ.ਏ.ਪੀ. ਜਲੰਧਰ ਦਾ ਪਾਈਪ ਬੈਂਡ ਅਤੇ ਬਰਾਸ ਬੈਂਡ ਦੀਆਂ ਦੋ ਟੁਕੜੀਆਂ ਦੇ ਬੈਂਡ ਸ਼ਾਮਲ ਹੋਣਗੇ ਅਤੇ ਪਰੇਡ ਦੀ ਅਗਵਾਈ ਪਰੇਡ ਕਮਾਂਡਰ ਏ.ਸੀ.ਪੀ. (ਲੁਧਿਆਣਾ) ਜਸਰੂਪ ਕੌਰ ਬਾਠ ਅਤੇ ਸਹਾਇਕ ਕਮਾਂਡਰ ਡੀ.ਐਸ.ਪੀ. ਸੁਲਤਾਨਪੁਰ ਬੱਬਨਦੀਪ ਸਿੰਘ ਲੁਬਾਣਾ ਕਰਨਗੇ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਮਾਗਮ ਦੌਰਾਨ ਵੱਖ ਵੱਖ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ ਜਿਸ ਵਿੱਚ ਸੀ.ਐਮ. ਦੀ ਯੋਗਸ਼ਾਲਾ, ਪੀ.ਪੀ.ਐਸ. ਨਾਭਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਘੋੜ ਸਵਾਰਾਂ ਦੇ ਕਰਤੱਬ, ਖੇਡਾਂ ਵਤਨ ਪੰਜਾਬ ਦੀਆਂ, ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਗਤਕਾ ਤੇ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ, ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਲੋਨੀ, ਸਰਕਾਰੀ ਸਕੂਲ ਆਫ਼ ਐਮੀਨੈਂਸ ਫੀਲਖਾਨਾ, ਸਰਕਾਰੀ ਮਲਟੀਪਰਪਜ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਅਤੇ ਸਰਕਾਰੀ ਸਮਾਰਟ ਸਕੂਲ ਡਕਾਲਾ ਦੇ ਵਿਦਿਆਰਥੀ ਹਿੱਸਾ ਲੈਣਗੇ ਅਤੇ ਵਾਣੀ ਇੰਟੇਗ੍ਰੇਟਿਡ ਸਕੂਲ ਫਾਰ ਹੀਅਰਿੰਗ ਇੰਪੇਅਰਡ, ਪਟਿਆਲਾ ਸਕੂਲ ਫਾਰ ਦੀ ਡੈਫ ਸੈਫਦੀਪੁਰ ਤੇ ਪਟਿਆਲਾ ਐਸੋਸੀਏਸ਼ਨ ਆਫ਼ ਡੈਫ ਦੀ ਟੀਮ ਵੱਲੋਂ ਗੁਬਾਰੇ ਛੱਡਣਗੇ। ਜਦਕਿ ਸਰਕਾਰੀ ਮਹਿੰਦਰਾ ਕਾਲਜ ਸਮੇਤ ਹੋਰਨਾਂ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀ ਭੰਗੜਾ ਪੇਸ਼ ਕਰਨਗੇ ਅਤੇ ਸਰਕਾਰੀ ਕਾਲਜ ਲੜਕੀਆਂ ਸਮੇਤ ਹੋਰਨਾਂ ਕਾਲਜਾਂ ਦੀਆਂ ਮੁਟਿਆਰਾਂ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਕਰਨਗੀਆਂ ਅਤੇ ਸਮਾਗਮ ਦੇ ਅਖੀਰ ਵਿਚ ਰਾਸ਼ਟਰੀ ਗੀਤ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੌਕੇ ਮੁੱਖ ਮੰਤਰੀ ਸ. ਭਗਵੰਤ ਮਾਨ ਆਜ਼ਾਦੀ ਘੁਲਾਟੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨਗੇ ਤੇ ਵੱਖ ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕਾਰਜ ਕਰਨ ਵਾਲਿਆਂ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਹੜ੍ਹਾਂ ਕਰਕੇ ਨੁਕਸਾਨੀ ਫ਼ਸਲਾਂ ਦੀ ਗਿਰਦਾਵਰੀ ਮਗਰੋਂ ਮੁਆਵਜ਼ੇ ਦੇ ਚੈਕ ਪ੍ਰਦਾਨ ਕੀਤੇ ਜਾਣਗੇ ਤੇ ਰਾਜ ਪੱਧਰੀ ਪ੍ਰਸੰਸਾ ਪੱਤਰਾਂ ਦੀ ਵੰਡ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਪੁਲਿਸ ਮੈਡਲ ਪ੍ਰਦਾਨ ਕੀਤੇ ਜਾਣਗੇ। ਇਸ ਤੋਂ ਇਲਾਵਾ ਪਰੇਡ ਕਮਾਂਡਰ, ਪਰੇਡਾਂ, ਸਕੂਲੀ ਬੱਚਿਆਂ, ਗਿੱਧਾ ਟੀਮ, ਭੰਗੜਾ ਟੀਮ ਆਦਿ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਸਮਾਰੋਹ ਦੇ ਅਖੀਰ ਵਿੱਚ ਕੌਮੀ ਗੀਤ ਦਾ ਗਾਇਨ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਦੇਸ਼ ਦੇ ਅਜ਼ਾਦੀ ਦਿਹਾੜੇ (Independence Day) ਮੌਕੇ ਰਾਜਾ ਭਲਿੰਦਰ ਸਿੰਘ ਖੇਡ ਸਟੇਡੀਅਮ ਪੋਲੋ ਗਰਾਊਂਡ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ‘ਚ ਜ਼ਿਲ੍ਹਾ ਪਟਿਆਲਾ ਨਿਵਾਸੀਆਂ ਨੂੰ ਵੱਡੀ ਪੱਧਰ ‘ਤੇ ਖੁਸ਼ੀ-ਖੁਸ਼ੀ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਸ ਆਜ਼ਾਦੀ ਦੀ ਪ੍ਰਾਪਤੀ ਲਈ ਦੇਸ਼ ਭਗਤਾਂ ਨੂੰ ਬੇਸ਼ੁਮਾਰ ਕੁਰਬਾਨੀਆਂ ਕਰਨੀਆਂ ਪਈਆਂ, ਉਸ ਆਜ਼ਾਦੀ ਦੇ ਪਵਿੱਤਰ ਦਿਵਸ ਨੂੰ ਇਕ ਤਿਉਹਾਰ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ ਇਹੋ ਹੀ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਇਸ ਲਈ ਸਾਨੂੰ ਇਸ ਸਮਾਰੋਹ ‘ਚ ਵੱਧ ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਮਾਗਮ ਦੇ ਪ੍ਰਬੰਧਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਇਸ ਸਾਰੇ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜਾਉਣ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸਮੂਹ ਵਿਭਾਗਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਦੌਰਾਨ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਲਈ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ।

ਇਸ ਮੌਕੇ ਆਈ.ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ, ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ, ਏ.ਡੀ.ਸੀਜ਼ ਜਗਜੀਤ ਸਿੰਘ, ਅਨੂਪ੍ਰਿਤਾ ਜੌਹਲ, ਈ.ਓ. ਪੀ.ਡੀ.ਏ. ਦੀਪਜੋਤ ਕੌਰ, ਐਸ.ਡੀ.ਐਮ. ਪਟਿਆਲਾ ਡਾ. ਇਸਮਿਤ ਵਿਜੈ ਸਿੰਘ ਵੀ ਮੌਜੂਦ ਸਨ।

Exit mobile version