July 7, 2024 3:18 pm
ਪਟਿਆਲਾ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ

ਪਟਿਆਲਾ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਨੇ ਕੈਪਟਨ ਤੇ ਪ੍ਰਨੀਤ ਕੌਰ ਦਾ ਹਰ ਪੱਖੋਂ ਸਮਰਥਨ ਕਰਨ ਦਾ ਐਲਾਨ ਕੀਤਾ

ਚੰਡੀਗੜ੍ਹ ,18 ਅਗਸਤ 2021 : ਪਟਿਆਲਾ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਨੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਰੈਡੀਮੇਡ ਗਾਰਮੈਂਟਸ ਦੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਵਾਏ ਜਾਣ ਦੇ ਇਵਜ਼ ਵਿੱਚ ਅੱਜ ਇੱਥੇ ਇਕ ਸਮਾਗਮ ਕਰਕੇਪ੍ਰਨੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਐਸੋਸੀਏਸ਼ਨ ਨੇ ਪ੍ਰਨੀਤ ਕੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰ ਪੱਖੋਂ ਆਪਣਾ ਸਮਰਥਨ ਤੇ ਭਰਪੂਰ ਸਹਿਯੋਗ ਦਿੱਤੇ ਜਾਣ ਦਾ ਐਲਾਨ ਵੀ ਰਸਮੀ ਤੌਰ ਉੱਤੇ ਕੀਤਾ।

ਪ੍ਰਨੀਤ ਕੌਰ ਨੇ ਗਾਰਮੈਂਟਸ ਵਪਾਰੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਸਰਕਾਰ ਵੱਲੋਂ ਵਿਰਾਸਤ ਵਿਚ ਦਿੱਤੀ ਮਾੜੀ ਮਾਲੀ ਹਾਲਤ ਦੇ ਬਾਵਜੂਦ ਪੰਜਾਬ ਨੂੰ ਬੁਲੰਦੀਆਂ ਉੱਤੇ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਨੇ ਦੱਸਿਆ ਕਿ ਵਪਾਰੀ, ਸੂਬੇ ਦੀ ਆਰਥਿਕਤਾ ਵਿਚ ਅਹਿਮ ਯੋਗਦਾਨ ਪਾਉਂਦੇ ਹਨ, ਇਸ ਲਈ ਸੂਬਾ ਸਰਕਾਰ ਨੇ ਵਪਾਰ ਤੇ ਕਾਰੋਬਾਰ ਨੂੰ ਆਸਾਨ ਅਤੇ ਇੰਸਪੈੱਕਟਰੀ ਰਾਜ ਤੋਂ ਮੁਕਤੀ ਦਿਵਾਉਣ ਲਈ ਅਹਿਮ ਕਦਮ ਉਠਾਏ।

ਪ੍ਰਨੀਤ ਕੌਰ ਨੇ ਰੈਡੀਮੇਡ ਗਾਰਮੈਂਟਸ ਦੇ ਵਪਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਕੋਵਿਡ ਦੌਰਾਨ ਜਿੱਥੇ ਆਪਣੇ ਨਾਲ ਕੰਮ ਕਰਨ ਵਾਲੇ ਵਰਕਰਾਂ ਦਾ ਸਾਥ ਦਿੱਤਾ ਉੱਥੇ ਹੀ ਲੋੜਵੰਦਾਂ ਦੀ ਵੀ ਮਦਦ ਕੀਤੀ। ਉਨ੍ਹਾਂ ਨੇ ਵਿਸ਼ਵਾਸ ਦੁਆਇਆ ਕਿ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਾਪਰੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ।

ਕੇਂਦਰ ਦੀ ਮੋਦੀ ਸਰਕਾਰ ਉੱਤੇ ਵਰ੍ਹਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਪਹਿਲਾਂ ਜੀ.ਐਸ.ਟੀ ਤੇ ਫੇਰ ਨੋਟਬੰਦੀ ਅਤੇ ਮਗਰੋਂ ਕੋਵਿਡ ਵਿੱਚ ਮਾੜੇ ਪ੍ਰਬੰਧਾਂ ਨੇ ਦੇਸ਼ ਨੂੰ ਵਿੱਤ ਤੌਰ ਉੱਤੇ ਤਾਂ ਕਮਜ਼ੋਰ ਕੀਤਾ ਹੀ ਸਗੋਂ ਵਪਾਰੀਆਂ ਨੂੰ ਵੀ ਮਾੜੇ ਦਿਨ ਦਿਖਾ ਦਿੱਤੇ, ਐਨਾ ਹੀ ਨਹੀਂ ਸਗੋਂ ਕਾਲੇ ਖੇਤੀ ਕਾਨੂੰਨ ਪਾਸ ਕਰਕੇ ਦੇਸ਼ ਦੇ ਕਿਸਾਨਾਂ ਨੂੰ ਸੜਕ ਉਤੇ ਦਿੱਤਾ। ਹੁਣ ਸੰਸਦ ਵਿਚ ਇਕੱਠੀਆਂ ਹੋਈਆਂ ਵਿਰੋਧੀ ਧਿਰਾਂ ਨੇ ਫ਼ੈਸਲਾ ਕਰ ਲਿਆ ਹੈ ਕਿ 2024 ਤੱਕ ਇਕੱਠੇ ਹੋ ਕੇ ਮੋਦੀ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।

ਪ੍ਰਨੀਤ ਕੌਰ ਨੇ ਹੋਰ ਕਿਹਾ ਕਿ ਪੰਜਾਬ ਨੇ 10 ਸਾਲ ਪਿਛਲੀ ਸਰਕਾਰ ਦਾ ਸੰਤਾਪ ਹੰਢਾਇਆ ਤੇ ਖ਼ਾਸ ਕਰਕੇ ਪਟਿਆਲਵੀਆਂ ਨੇ ਜ਼ਿਆਦਾ ਦੁਖ ਭੋਗਿਆ ਪਰੰਤੂ ਲੋਕਾਂ ਵੱਲੋਂ ਦਿੱਤੀ ਤਾਕਤ ਸਦਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਾਸੀਆਂ ਦੀਆਂ ਉਮੀਦਾਂ ਉਪਰ ਖਰੇ ਉਤਰ ਰਹੇ ਹਨ। ਉਨ੍ਹਾਂ ਨੇ ਲੋਕਾਂ ਅਤੇ ਖ਼ਾਸ ਕਰਕੇ ਵਪਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਆਗਾਮੀ ਚੋਣਾਂ ਲਈ ਤਿਆਰ ਰਹਿਣ ਅਤੇ ਪੰਜਾਬ ਦੀ ਬਿਹਤਰੀ ਕਾਂਗਰਸ ਪਾਰਟੀ ਦੇ ਹੱਥ ਵਿੱਚ ਹੋਣ ਕਰਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਫ਼ਤਵਾ ਦੇਣ।

ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਮਨਤਾਰ ਸਿੰਘ ਮੱਕੜ ਨੇ ਪ੍ਰਨੀਤ ਕੌਰ ਵੱਲੋਂ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਦਿੱਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਐਸੋਸੀਏਸ਼ਨ ਦੇ ਪਟਿਆਲਾ ਚੇਅਰਮੈਨ ਨਰੇਸ਼ ਸਿੰਗਲਾ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਐਡਵਾਂਸ ਜੀ.ਐੇਸ.ਟੀ ਤੇ ਦੁਕਾਨਾਂ ਉੱਤੇ ਕੇਂਦਰੀ ਸਰਕਾਰ ਦੇ ਅਧਿਕਾਰੀਆਂ ਅਤੇ ਬ੍ਰਾਂਡ ਦੇ ਨਾਮ ਉੱਤੇ ਛਾਪੇਮਾਰੀ ਨੇ ਪ੍ਰੇਸ਼ਾਨ ਕਰ ਰੱਖਿਆ ਸੀ ਪਰੰਤੂ ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ ਅਤੇ ਬੀਬਾ ਜੈ ਇੰਦਰ ਕੌਰ ਨੇ ਉਨ੍ਹਾਂ ਰਾਹਤ ਦਿਵਾਈ ਹੈ, ਉਨ੍ਹਾਂ ਐਲਾਨ ਕੀਤਾ ਕਿ ਪਟਿਆਲਾ ਵਿਖੇ ਐਸੋਸੀਏਸ਼ਨ ਦੇ 300 ਮੈਂਬਰ ਪ੍ਰਨੀਤ ਕੌਰ ਦੇ ਵਰਕਰ ਬਣ ਕੇ ਵਿਚਰਨਗੇ। ਇਸ ਤੋਂ ਬਿਨਾਂ ਪੰਜਾਬ ਭਰ ਵਿਚ ਵੀ 1000 ਤੋਂ ਵਧੇਰੇ ਮੈਂਬਰ ਸਹਿਯੋਗ ਕਰਨਗੇ। ਉਨ੍ਹਾਂ ਦੱਸਿਆ ਕਿ ਪਿਛਲੇ ਢਾਈ ਸਾਲਾਂ ਤੋਂ ਉਨ੍ਹਾਂ ਨੂੰ ਹੁਣ ਕੋਈ ਮੁਸ਼ਕਿਲ ਨਹੀਂ ਆ ਰਹੀ।

ਇਸ ਮੌਕੇ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਦੇ ਸਪੁੱਤਰੀ ਜੈ ਇੰਦਰ ਕੌਰ ਨੇ ਸਮੁੱਚੇ ਵਪਾਰੀਆਂ ਦਾ ਧੰਨਵਾਦ ਕੀਤਾ। ਪਟਿਆਲਾ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੀਆਂ ਮੁਸ਼ਕਲਾਂ ਪ੍ਰਨੀਤ ਕੌਰ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਉਣ ਵਾਲੇ ਕਾਂਗਰਸ ਪਾਰਟੀ ਦੇ ਪੰਜਾਬ ਵਪਾਰ ਸੈਲ ਦੇ ਕੋਚੇਅਰਮੈਨ ਅਤੁੱਲ ਜੋਸ਼ੀ ਨੇ ਕਿਹਾ ਕਿ ਵਪਾਰੀਆਂ ਨੇ ਇਕਸੁਰਤਾ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ।ਸਮਾਗਮ ਮੌਕੇ ਪੀ ਆਰ ਟੀਸੀ ਚੇਅਰਮੈਨ ਕੇ. ਕੇ. ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਕਾਂਗਰਸ ਸ਼ਹਿਰੀ ਪ੍ਰਧਾਨ ਕੇ.ਕੇ. ਮਲਹੋਤਰਾ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਵੀ ਸੰਬੋਧਨ ਕੀਤਾ।

ਸਮਾਗਮ ਮੌਕੇ ਪੰਜਾਬ ਐਨਰਜੀ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਅਨਿਲ ਮੰਗਲਾ, ਡਾਇਰੈਕਟਰ ਪਵਨ ਡਾਬੀ, ਐਸ.ਸੀ. ਸੈੱਲ ਚੇਅਰਮੈਨ ਸੋਨੂੰ ਸੰਗਰ, ਸੰਦੀਪ ਮਲਹੋਤਰਾ, ਅਨਾਜ ਖੋਸਲਾ, ਨਿਖਿਲ ਬਾਤਿਸ਼ ਸ਼ੇਰੂ, ਨਿਖਿਲ ਕਾਕਾ, ਪ੍ਰਭਜੋਤ ਸਿੰਘ ਖ਼ਾਲਸਾ, ਰਵਿੰਦਰ ਦੁੱਗਲ, ਬੌਬੀ ਕਾਂਸਲ, ਨਿਵ ਸਿੰਗਲਾ, ਰਵਿੰਦਰਪਾਲ ਸਿੰਘ ਬੰਟੀ, ਰਿਸੂ ਉਬਰਾਏ, ਰਾਜੀਵ ਖੰਨਾ, ਸੂਰਜ ਭਾਟੀਆ, ਸੁਰਿੰਦਰ, ਗੁਰਜੀਤ ਸਿੰਘ ਬੰਟੀ, ਟੋਨੀ ਸ਼ਰਮਾ, ਰਾਜਿੰਦਰ ਕੁਮਾਰ ਅਤੇ ਪੰਜਾਬ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਆਏ ਮੈਂਬਰਾਂ ਸਮੇਤ ਪਟਿਆਲਾ ਤੋਂ ਵੱਡੀ ਗਿਣਤੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।