ਪਟਿਆਲਾ , 01 ਜੂਨ 2023: ਪਟਿਆਲਾ ਪੁਲਿਸ (Patiala Police) ਨੂੰ ਗੈਂਗਸਟਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚੱਲਦੇ ਕੀਤੀਆਂ ਨਾਕਾਬੰਦੀਆਂ ਦੌਰਾਨ ਇੱਕ ਅਹਿਮ ਸਫਲਤਾ ਹਾਸਲ ਹੋਈ ਹੈ, ਜਿਸ ਵਿੱਚ ਲਾਰੈਂਸ ਬਿਸ਼ਨੋਈ ਦੇ ਐਸੋਸੀਏਟ ਗਰੁੱਪ ਐਸ ਕੇ ਖਰੌੜ ਗਰੁੱਪ ਦੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ | ਇਹ ਦੋਵੇਂ ਸ਼ੂਟਰ ਬੇਹੱਦ ਖਤਰਨਾਕ ਦੱਸੇ ਜਾਂਦੇ ਹਨ, ਇਨ੍ਹਾਂ ਦੇ ਨਾਂ ਬਿੱਟੂ ਗੁਜਰ ਅਤੇ ਗੁਰਪ੍ਰੀਤ ਟੱਲੀ ਹਨ |
ਦੱਸਿਆ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਪਸਿਆਣਾ ਪਿੰਡ ਦੇ ਮੌਜੂਦਾ ਕਾਂਗਰਸੀ ਤੇ ਮੋਤੀ ਮਹਿਲ ਦੇ ਕਰੀਬੀ ਸਰਪੰਚ ਭੁਪਿੰਦਰ ਸਿੰਘ ਦਾ ਸਾਲ 2020 ਵਿੱਚ ਕਤਲ ਕਰ ਦਿੱਤਾ ਗਿਆ ਸੀ, ਇਹ ਕਤਲ ਵੀ ਗੈਂਗਸਟਰਾਂ ਦੀ ਰੰਜਿਸ਼ ਦਾ ਹੀ ਨਤੀਜਾ ਸੀ ਕਿਉਂਕਿ ਐਸ ਕੇ ਖਰੌੜ ਗਰੁੱਪ ਵੱਲੋਂ ਪਸਿਆਣਾ ਪਿੰਡ ਵਿੱਚ ਭਾਖੜਾ ਨਹਿਰ ਦੇ ਨੇੜੇ ਵਾਲੀਬਾਲ ਤੇ ਜਿੰਮ ਲਈ ਰੋਕੀ ਜਮੀਨ ਨੂੰ ਲੈ ਕੇ ਸਰਪੰਚ ਨਾਲ ਕੁਝ ਵਿਵਾਦ ਸੀ, ਜਿਸਦੇ ਚੱਲਦੇ ਉਸਦਾ ਕਤਲ ਕਰ ਦਿੱਤਾ ਗਿਆ |
ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਵਲੋਂ ਗੱਲਬਾਤ ਕਰਦੇ ਦੱਸਿਆ ਗਿਆ ਗ੍ਰਿਫਤਾਰ ਕੀਤੇ ਦੋਵੇ ਗੈਂਗਸਟਰ ਬੇਹੱਦ ਖਤਰਨਾਕ ਕੈਟਾਗਰੀ ਦੇ ਮੁਜ਼ਰਿਮ ਹਨ, ਜਿਹਨਾਂ ਵਲੋਂ ਸੈਕੜੇ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ ਜੋ ਹੁਣ ਪਟਿਆਲਾ ਪੁਲਿਸ ਵੱਲੋਂ ਕਾਬੂ ਕਰ ਲਏ ਗਏ ਹਨ | ਜਿਹਨਾਂ ਕੋਲੋਂ 3 ਵਿਦੇਸ਼ੀ 32 ਬੋਰ ਦੇ ਪਿਸਟਲ ਵੀ ਬਰਾਮਦ ਕੀਤੇ ਹਨ | ਉਹਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹਨਾਂ ਵੱਲੋਂ ਭੁਪਿੰਦਰ ਕਤਲ ਕੇਸ ਦਾ ਖੁਲਾਸਾ ਕੀਤਾ ਗਿਆ ਹੈ | ਹੁਣ ਇਹਨਾਂ ਨੂੰ ਅਦਾਲਤ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹ ਜਾਣਕਾਰੀ ਹਾਸਲ ਕੀਤੀ ਜਾਵੇਗੀ ਕੇ ਪਟਿਆਲਾ ਇਹ ਕਿਹੜੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਮੰਸ਼ਾ ਨਾਲ ਆਏ ਸਨ |