ਪਟਿਆਲਾ 06 ਫਰਵਰੀ 2023: ਪਟਿਆਲਾ ਪੁਲਿਸ (Patiala Police) ਵੱਲੋਂ ਜਾਅਲੀ ਕਰੰਸੀ ਛਾਪ ਕੇ ਉਸ ਨੂੰ ਮਾਰਕੀਟ ਵਿੱਚ ਚਲਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਜਾਅਲੀ ਕਰੰਸੀ ਦੇ 1600 ਨੋਟਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ | ਪਟਿਆਲਾ ਪੁਲਿਸ ਨੇ ਐਸਐਸਪੀ ਵਰੁਣ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਦੇ ਥਾਣਾ ਕੋਤਵਾਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਜਾਅਲੀ ਕਰੰਸੀ ਛਾਪ ਕੇ ਉਸ ਦਾ ਵਪਾਰ ਕਰ ਰਹੇ ਹਨ|
ਪੁਲਿਸ ਪਾਰਟੀ (Patiala Police) ਵੱਲੋਂ ਇਹਨਾਂ ਮਾੜੇ ਅਨਸਰਾਂ ਨੂੰ ਦਬੋਚਣ ਲਈ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਅਤੇ ਇਸ ਟੀਮ ਵੱਲੋਂ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਤਿੰਨ ਮੈਂਬਰਾਂ ਨੂੰ ਅੱਠ ਲੱਖ ਚਾਲੀ ਹਜ਼ਾਰ ਦੀ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕਰ ਲਿਆ | ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ਦਾ ਇੱਕ ਮੈਂਬਰ ਫਰਾਰ ਹੋ ਗਿਆ ਹੈ, ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਜਾਅਲੀ ਕਰੰਸੀ ਛਾਪਣ ਵਾਲਾ ਪ੍ਰਿੰਟਰ ਵੀ ਕਬਜ਼ੇ ਵਿੱਚ ਲਿਆ ਗਿਆ ਹੈ |
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਰਿਮਾਂਡ ਦੌਰਾਨ ਇਨ੍ਹਾਂ ਤੋਂ ਜਾਅਲੀ ਕਰੰਸੀ ਛਾਪਣ ਦੇ ਸਬੰਧ ਵਿੱਚ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ |