ਪਟਿਆਲਾ, 27 ਜੂਨ 2023: ਪਟਿਆਲਾ ਪੁਲਿਸ (Patiala Police) ਨੇ ਰਾਜਪੁਰਾ ਵਿੱਚ ਫਾਇਨਾਂਸਰ ਦੇ ਦਫ਼ਤਰ ਵਿੱਚ ਗੋਲੀ ਚਲਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਐੱਸ.ਐੱਸ.ਪੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੋਲੋਂ ਦੋ ਪਿਸਤੌਲ ਬਰਾਮਦ ਹੋਏ ਹਨ। ਹਰਵਿੰਦਰ ਸਿੰਘ ਲਾਡੀ ਅਤੇ ਸਰਬਜੀਤ ਸਿੰਘ ਸਿੱਧੂ ਫਾਈਨਾਂਸ ਐਂਡ ਪ੍ਰਾਪਰਟੀ ਦੇ ਦਫ਼ਤਰ ਨੇੜੇ ਜ਼ਿਮੀਦਾਰਾ ਪੈਲੇਸ ਭਾਰਤ ਕਾਲੋਨੀ ਪੂਰਨ ਰਾਜਪੁਰਾ ਵਿਖੇ ਕੰਮ ਕਰਦੇ ਹਨ। ਜਿਸ ‘ਤੇ 6 ਜੂਨ ਨੂੰ ਸ਼ਾਮ 5:20 ਵਜੇ ਮੋਟਰਸਾਈਕਲ ਸਵਾਰ 3 ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ।
ਇਸ ਸਬੰਧੀ ਥਾਣਾ ਸਿਟੀ ਰਾਜਪੁਰਾ ਵਿੱਚ ਧਾਰਾ 307 25 ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 150 ਦਰਜ ਕੀਤਾ ਗਿਆ ਸੀ। ਇਸ ਮਾਮਲੇ ਨੂੰ ਸੁਲਝਾਉਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਗਈਆਂ। ਜਿਸ ਵਿੱਚ ਜਾਂਚ ਦੌਰਾਨ ਗੋਲੀ ਚਲਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਵਿੱਚ ਰੋਹਿਤ ਕੁਮਾਰ, ਅਕਾਸ਼ਦੀਪ ਸਿੰਘ ਅਤੇ ਦਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨੋਂ ਰਾਜਪੁਰਾ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋਂ ਮੁਲਜ਼ਮ ਰੋਹਿਤ ਕੁਮਾਰ ਕੋਲੋਂ ਇੱਕ 30 ਬੋਰ ਦਾ ਪਿਸਤੌਲ ਅਤੇ 5 ਰੌਂਦ ਬਰਾਮਦ ਹੋਏ ਹਨ ਅਤੇ ਇਸ ਦੇ ਨਾਲ ਹੀ ਆਕਾਸ਼ਦੀਪ ਕੋਲੋਂ ਇੱਕ 32 ਬੋਰ ਦਾ ਪਿਸਤੌਲ ਅਤੇ 5 ਰੌਂਦ ਬਰਾਮਦ ਹੋਏ ਹਨ। ਪੁਲਿਸ ਦਾ ਕਹਿਣਾ ਹੈ ਇਨ੍ਹਾਂ ‘ਤੇ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ, ਇਨ੍ਹਾਂ ਦੀ ਉਮਰ ਵੀ 19 ਤੋਂ 20 ਸਾਲ ਦੀ ਹੈ |