Patiala police

ਪਟਿਆਲਾ ਪੁਲਿਸ ਨੇ 20 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲੇ 2 ਜਣਿਆਂ ਨੂੰ ਕੀਤਾ ਗ੍ਰਿਫਤਾਰ

ਪਟਿਆਲਾ, 30 ਸਤੰਬਰ 2024: ਪਟਿਆਲਾ ਪੁਲਿਸ (Patiala police) ਨੇ ਬਦਮਾਸ਼ ਦਾ ਨਾਂ ਲੈ ਕੇ 20 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ | ਇਸ ਸੰਬੰਧੀ ਡਾ. ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ 13 ਸਤੰਬਰ 2024 ਦੀ ਸਵੇਰ 08:25 ਵਜੇ ਟੋਲ ਪਲਾਜਾ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸਨ ਸਿੰਘ ਲਾਡੀ ਵਾਸੀ ਚੈਠਲ ਨੂੰ ਕਿਸੇ ਵਿਅਕਤੀ ਵੱਲੋਂ ਬਦਮਾਸ਼ ਦਾ ਨਾਮ ਲੈ ਕੇ 20 ਲੱਖ ਰੁਪਏ ਦੀ ਫਿਰੋਤੀ ਮੰਗੀ ਸੀ ਅਤੇ ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਮਾਰਨ ਦੀ ਧਮਕੀ ਦਿੱਤੀ ਗਈ ਸੀ |

ਉਨ੍ਹਾਂ ਦੱਸਿਆ ਕਿ ਯੁਗੇਸ ਸ਼ਰਮਾਂ PPS, SP (Inv) PTL, ਵੈਭਵ ਚੌਧਰੀ IPS, ASP ਡਿਟੈਕਟਿਵ ਪਟਿਆਲਾ ਦੀ ਅਗਵਾਈ ‘ਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਇਸ ਕੇਸ ਨੂੰ ਟਰੇਸ ਕਰ ਲਿਆ ਗਿਆ ਅਤੇ ਫਿਰੋਤੀ ਦੀ ਮੰਗ ਕਰਨ ਵਾਲੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ |

ਫੜੇ ਗਏ ਮੁਲਜਮਾਂ ਦੀ ਪਛਾਣ ਸਨਪ੍ਰੀਤ ਸਿੰਘ ਉਰਫ ਸੰਨੀ ਪੁੱਤਰ ਗੁਰਮੇਲ ਸਿੰਘ ਵਾਸੀ ਮਕਾਨ ਨੰਬਰ 189 ਵਾਰਡ ਨੰਬਰ 15 ਅਮਰਪੁਰਾ ਮੁਹੱਲਾ ਮੰਡੀ ਅਹਿਮਦਗੜ੍ਹ (ਮਲੇਰਕੋਟਲਾ) ਅਤੇ ਰੋਹਿਤ ਰਾਮ ਪੁੱਤਰ ਅਮਰਜੀਤ ਸਿੰਘ ਵਾਸੀ ਵਾਰਡ ਨੰਬਰ 06 ਨੇੜੇ ਰਾਮੇ ਵਾਲੀ ਖੂਹੀ ਲਹਿਰਾਗਾਗਾ, ਥਾਣਾ ਲਹਿਰਾਗਾਗਾ (ਸੰਗਰੂਰ) ਵਜੋਂ ਹੋਈ ਹੈ | ਪੁਲਿਸ ਨੇ ਇਨ੍ਹਾਂ ਮੁਲਜਮਾਂ ਨੂੰ ਬੱਸ ਅੱਡਾ ਫਤਿਹਪੁਰ, ਸਮਾਣਾ ਪਟਿਆਲਾ ਰੋਡ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ 308(1), 308(2), 308(3) ,351(1),351 (3) ਬੀ.ਐਨ.ਐਸ, ਥਾਣਾ ਸਦਰ ਸਮਾਣਾ ਦਰਜ ਰਜਿਸਟਰ ਕਰਕੇ ਮੁਲਜਮਾਂ ਦੀ ਤਲਾਸ ਕਰ ਰਹੀ ਸੀ।

ਪੁਲਿਸ (Patiala police) ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਸੰਨਪ੍ਰੀਤ ਸਿੰਘ ਉਰਫ ਸੰਨੀ ਅਤੇ ਰੋਹਿਤ ਰਾਮ ਆਪਸ ‘ਚ ਪਿਛਲੇ 11-12 ਸਾਲ ਤੋਂ ਦੋਸਤ ਹਨ। ਰੋਹਿਤ ਰਾਮ (ਰਾਧਾ ਕ੍ਰਿਸਨ ਫੂਡ) ‘ਚ ਮਾਰਕੀਟਿੰਗ ਦਾ ਕੰਮ ਅਹਿਮਦਗੜ੍ਹ, ਲੁਧਿਆਣਾ ਤੇ ਹੋਰ ਸ਼ਹਿਰਾਂ ‘ਚ ਕਰਦਾ ਹੋਣ ਕਰਕੇ ਅਹਿਮਦਗੜ੍ਹ ਅਕਸਰ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਸਨਪ੍ਰੀਤ ਸਿੰਘ ਉਰਫ ਸੰਨੀ ਵੀ ਪਲੰਬਰ ਦਾ ਕੰਮ ਕਰਦਾ ਹੈ, ਜਿਸ ਕਰਕੇ ਇਹ ਆਪਸ ‘ਚ ਅਹਿਮਦਗੜ੍ਹ ਵਿਖੇ ਮਿਲਦੇ ਰਹੇ ਹਨ।

ਸਨਪ੍ਰੀਤ ਸਿੰਘ ਉਰਫ ਸੰਨੀ ਅਤੇ ਰੋਹਿਤ ਰਾਮ ਜੋ ਕਿ ਸ਼ੋਸ਼ਲ ਮੀਡੀਆਂ ‘ਤੇ ਬਦਮਾਸ਼ਾਂ ਵੱਲੋਂ ਫਿਰੋਤੀ ਮੰਗਣ ਵਾਲੇ ਕੇਸਾਂ ‘ਚ ਗ੍ਰਿਫਤਾਰ ਹੋਏ ਦੋਸੀਆਂ ਦੀਆਂ ਖਬਰਾਂ ਵੱਖ-ਵੱਖ ਨਿਊਜ ਚੈਨਲਾਂ ‘ਤੇ ਦੇਖਦੇ ਹੁੰਦੇ ਸੀ, ਜਿੰਨ੍ਹਾ ਤੋ ਇਹ ਪ੍ਰਭਾਵਿਤ ਹੋ ਕੇ ਕਿਸੇ ਵਿਅਕਤੀ ਕੋਲੋਂ ਫਿਰੋਤੀ ਲੈਣ ਦੀ ਯੋਜਨਾ ਤਿਆਰ ਕੀਤੀ ਸੀ |

ਸਨਪ੍ਰੀਤ ਸਿੰਘ ਉਰਫ ਸੰਨੀ ਨੇ ਆਪਣੇ ਰਿਸਤੇਦਾਰ ਦਰਸਨ ਸਿੰਘ ਲਾਡੀ ਕੋਲੋਂ ਫਿਰੋਤੀ ਲੈਣ ਦੀ ਸਾਜਿਸ਼ ਰਚੀ | ਦਰਸਨ ਸਿੰਘ ਨੇ ਪਿਛਲੇ ਦਿਨ ਪਹਿਲਾਂ ਨਵੀਂ ਫਾਰਚੂਨਰ ਗੱਡੀ ਲਈ ਸੀ, ਜਿਸ ਕਰਕੇ ਸਨਪ੍ਰੀਤ ਸਿੰਘ ਸੰਨੀ ਨੂੰ ਲੱਗਿਆ ਕਿ ਇਸਨੂੰ ਧਮਕੀ ਦੇ ਕੇ ਉਸ ਕੋਲੋਂ ਫਿਰੋਤੀ ਦੀ ਰਕਮ ਹਾਸਲ ਕੀਤੀ ਜਾ ਸਕਦੀ ਹੈ। ਸਨਪ੍ਰੀਤ ਸਿੰਘ ਸਨੀ ਜੋ ਕਿ ਦਰਸਨ ਸਿੰਘ ਲਾਡੀ ਦੇ ਸਾਲੇ ਦਾ ਸਾਲਾ ਲੱਗਦਾ ਹੈ। ਇਸ ਯੋਜਨਾ ਦੇ ਤਹਿਤ ਸਨਪ੍ਰੀਤ ਸਿੰਘ ਸੰਨੀ ਅਤੇ ਰੋਹਿਤ ਰਾਮ ਨੇ ਰਲਕੇ ਪਹਿਲਾਂ ਹਿਸਾਰ (ਹਰਿਆਣਾ) ਰੇਲਵੇ ਸਟੇਸਨ ਤੋਂ ਇਕ ਸੁੱਤੇ ਪਏ ਮੁਸ਼ਾਫਿਰ ਦਾ ਮੋਬਾਇਲ ਫੋਨ ਚੋਰੀ ਕਰਕੇ 13 ਸਤੰਬਰ 2024 ਨੂੰ ਜਾਖਲ ਰੇਲਵੇ ਸਟੇਸ਼ਨ ਨੇੜੇ ਤੋਂ ਉਸ ਫੋਨ ‘ਤੇ ਦਰਸਨ ਸਿੰਘ ਲਾਡੀ ਨੂੰ ਕਿਸੇ ਬਦਮਾਸ਼ ਦਾ ਨਾਮ ਲੈ ਕੇ ਜਾਨੋ ਮਾਰਨ ਦੀ ਧਮਕੀ ਦੇ ਕੇ 20 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ |

ਪੁਲਿਸ (Patiala police) ਮੁਤਾਬਕ ਇਨ੍ਹਾਂ ਨੇ ਫੋਨ ਦੀ ਵਰਤੋਂ ਕਰਕੇ ਫੋਨ ਅਤੇ ਸਿਮ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤੇ ਸੀ | ਇੰਨਾ ਨੇ ਕਾਲ ਕਰਨ ਲਈ ਚੋਰੀ ਵਾਲਾ ਮੋਬਾਇਲ ਅਤੇ ਸਿਮ ਦੀ ਵਰਤੋਂ ਕੀਤੀ ਹੈ ਤਾਂ ਕਿ ਇਹਨਾ ਦੀ ਪਛਾਣ ਨਾ ਹੋ ਸਕੇ ਕਾਲ ਵੀ ਰੋਹਿਤ ਰਾਮ ਵੱਲੋਂ ਕੀਤੀ ਕਿਉਂਕਿ ਦਰਸਨ ਸਿੰਘ ਰੋਹਿਤ ਨੂੰ ਨਹੀ ਜਾਣਦਾ ਸੀ ਅਤੇ ਨਾ ਹੀ ਉਸ ਦੀ ਅਵਾਜ ਦੀ ਪਛਾਣ ਸਕਦਾ ਸੀ, ਜਦਕਿ ਸਨਪ੍ਰੀਤ ਸਿੰਘ ਸਨੀ ਦਰਸਨ ਸਿੰਘ ਦਾ ਰਿਸਤੇਦਾਰ ਸੀ | ਜਿਸ ਕਰਕੇ ਉਸ ਦੀ ਆਵਾਜ਼ ਦੀ ਪਛਾਣ ਹੋ ਸਕਦੀ ਸੀ।

ਰੋਹਿਤ ਅਤੇ ਦਰਸਨ ਸਿੰਘ ਲਾਡੀ ਆਪਸ ‘ਚ ਕਦੇ ਨਹੀਂ ਮਿਲੇ ਸਨ ਅਤੇ ਨਹੀਂ ਕਦੇ ਗੱਲ ਹੋਈ ਸੀ । ਹੁਣ ਇਹ ਮੁਦਈ ਦਰਸਨ ਸਿੰਘ ਲਾਡੀ ਨੂੰ ਦੁਬਾਰਾ ਫੋਨ ਕਰਕੇ ਛੇਤੀ ਹੀ ਫਿਰੋਤੀ ਦੀ ਰਕਮ ਲੈਣ ਦੀ ਤਿਆਰੀ ‘ਚ ਸੀ | ਇਸੇ ਦੌਰਾਨ ਪਟਿਆਲਾ ਪੁਲਿਸ ਵੱਲੋ ਚਲਾਏ ਅਪਰੇਸਨ ਦੌਰਾਨ ਮੁਲਜਮ ਸਨਪ੍ਰੀਤ ਸਿੰਘ ਸੰਨੀ ਅਤੇ ਰੋਹਿਤ ਰਾਮ ਉਕਤ ਨੂੰ ਸਮਾਣਾ ਪਟਿਆਲਾ ਰੋਡ ਤੋਂ ਗ੍ਰਿਫਤਾਰ ਕਰਨ ਦੀ ਕਾਮਯਾਬੀ ਹਾਸਲ ਕੀਤੀ ਹੈ।

ਸਨਪ੍ਰੀਤ ਸਿੰਘ ਸੰਨੀ ਅਤੇ ਰੋਹਿਤ ਰਾਮ ਉਕਤ ਨੂੰ ਮਿਤੀ ਬੀਤੇ ਦਿਨ ਦਿਨ ਅਦਾਲਤ ‘ਚ ਪੇਸ ਕਰਕੇ 01 ਅਕਤੂਬਰ 2024 ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ | ਇਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁਲਜਮਾਂ ਦਾ ਪਿਛਲਾ ਕੋਈ ਅਪਰਾਧਿਕ ਰਿਕਾਰਡ ਨਹੀ ਹੈ।

Scroll to Top