Patiala Police

ਪਟਿਆਲਾ ਪੁਲਿਸ ਵੱਲੋਂ ਗੈਂਗਸਟਰਾਂ ਦੇ 2 ਨਜਦੀਕੀ ਸਾਥੀ 32 ਬੋਰ ਦੇ 3 ਪਿਸਟਲਾਂ ਸਣੇ ਕਾਬੂ: SSP ਵਰੁਣ ਸ਼ਰਮਾ

ਪਟਿਆਲਾ, 01 ਜੂਨ 2023: ਪਟਿਆਲਾ ਪੁਲਿਸ (Patiala Police) ਨੇ ਗੈਂਗਸਟਰਾਂ ਦੇ 2 ਨਜਦੀਕੀ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਕੁਲ 3 ਪਿਸਟਲ .32 ਬੋਰ ਸਮੇਤ 16 ਰੋਦ ਬਰਾਮਦ ਕਰਨ ਸਫ਼ਲਤਾ ਹਾਸਲ ਕੀਤੀ ਹੈ।ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤੀ।

ਐਸ.ਐਸ.ਪੀ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੀਆਂ ਹਦਾਇਤਾਂ ‘ਤੇ ਪਟਿਆਲਾ ਪੁਲਿਸ ਨੇ ਅਪਰਾਧਕ ਅਨਸਰਾਂ ਅਤੇ ਗੈਂਗਸਟਰਾਂ ਖ਼ਿਲਾਫ਼ ਖਾਸ ਮੁਹਿੰਮ ਵਿੱਢੀ ਹੈ, ਜਿਸ ਤਹਿਤ ਪਟਿਆਲਾ ਪੁਲਿਸ ਨੇ ਹਰਿਆਣਾ ਨਾਲ ਲਗਦੇ ਇਲਾਕੇ ਵਿੱਚ ਇੰਟਰਸਟੇਟ ਨਾਕਾਬੰਦੀ ਤੇ ਪੈਟਰੋਲਿੰਗ ਆਪਰੇਸਨ ਚਲਾਇਆ ਹੋਇਆ ਹੈ, ਇਸ ਤਹਿਤ ਹੀ ਦੋ ਵੱਖ-ਵੱਖ ਕੇਸਾਂ ਵਿੱਚ ਐਸ.ਪੀ. ਜਾਂਚ ਹਰਬੀਰ ਸਿੰਘ ਅਟਵਾਲ, ਡੀ.ਐਸ.ਪੀ. ਜਾਂਚ ਸੁਖਅਮ੍ਰਿਤ ਸਿੰਘ ਰੰਧਾਵਾ, ਡੀ.ਐਸ.ਪੀ. ਘਨੌਰ ਰਘਬੀਰ ਸਿੰਘ, ਸੀ.ਆਈ.ਏ. ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਥਾਣਾ ਸ਼ੰਭੂ ਦੇ ਐਸ.ਐਚ.ਓ. ਇੰਸਪੈਕਟਰ ਰਾਹੁਲ ਕੌਸ਼ਲ ਦੀਆਂ ਟੀਮਾਂ ਨੂੰ ਇਹ ਸਫ਼ਲਤਾ ਹਾਸਲ ਹੋਈ ਹੈ।

ਵਰੁਣ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਵੇਂ ਵਿਅਕਤੀਆਂ ਦੀ ਪਛਾਣ ਸੁਖਜੀਤ ਸਿੰਘ ਗੋਲੂ ਪੁੱਤਰ ਲੇਟ ਸਮਸ਼ੇਰ ਸਿੰਘ ਵਾਸੀ ਵਾਰਡ ਨੰਬਰ 17, ਸਹੀਦ ਭਗਤ ਸਿੰਘ ਨਗਰ, ਅਮਲੋਹ ਰੋਡ ਖੰਨਾ, ਵਜੋਂ ਹੋਈ, ਇਸ ਤੋਂ .32 ਬੋਰ ਦੇ 2 ਪਿਸਟਲ ਤੇ 8 ਰੌਂਦ ਬਰਾਮਦ ਹੋਏ ਜਦਕਿ ਗੁਰਪ੍ਰੀਤ ਸਿੰਘ ਟੱਲੀ ਪੁੱਤਰ ਰਾਮ ਸਿੰਘ ਵਾਸੀ ਗਾਜੇਵਾਸ ਥਾਣਾ ਸਦਰ ਸਮਾਣਾ ਨੂੰ ਵਰਨਾ ਕਾਰ ‘ਤੇ ਕਾਬੂ ਕੀਤਾ, ਇਸ ਕੋਲੋਂ ਇਕ ਪਿਸਟਲ .32 ਬੋਰ ਤੇ 8 ਰੌਂਦ ਬਰਾਮਦ ਹੋਏ ਹਨ।

ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਪਟਿਆਲਾ ਪੁਲਿਸ (Patiala Police) ਵੱਲੋਂ ਮਿਤੀ 31.05.2023 ਨੂੰ ਹਰਿਆਣਾ ਦੇ ਨਾਲ ਲਗਦੇ ਏਰੀਆਂ ਵਿੱਚ ਇੰਟਰਸਟੇਟ ਨਾਕਾਬੰਦੀ/ਪੈਟਰੋਲਿੰਗ ਦੌਰਾਨ ਮੇਨ ਹਾਈਵੇ ਅੰਬਾਲਾ ਤੋਂ ਰਾਜਪੁਰਾ ਰੋਡ ਮਹਿਮਦਪੁਰ ਵਿਖੇ ਨਾਕਾਬੰਦੀ ਦੌਰਾਨ ਸੁਖਜੀਤ ਸਿੰਘ ਗੋਲੂ ਨੂੰ ਕੀਤਾ ਗਿਆ, ਜਿਸ ਸਬੰਧੀ ਮੁਕੱਦਮਾ ਨੰਬਰ 76 ਮਿਤੀ 31.05.2023 ਆਰਮਜ ਐਕਟ ਦੀਆਂ ਧਾਰਾਵਾਂ ਤਹਿਤ ਥਾਣਾ ਸ਼ੰਭੂ ਵਿਖੇ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਟੀ-ਪੁਆਇਟ ਬਘੌਰਾ ਘਨੌਰ ਤੋਂ ਪਟਿਆਲਾ ਰੋਡ ‘ਤੇ ਨਾਕਾਬੰਦੀ ਮੌਕੇ ਗੁਰਪ੍ਰੀਤ ਸਿੰਘ ਟੱਲੀ ਨੂੰ ਵਰਨਾ ਕਾਰ ਤੇ ਹਥਿਆਰਾਂ ਸਮੇਤ ਕਾਬੂ ਕੀਤੇ ਜਾਣ ‘ਤੇ ਮੁਕੱਦਮਾ ਨੰਬਰ 48 ਮਿਤੀ 31.05.2023 ਆਰਮਜ ਐਕਟ ਦੀ ਧਾਰਾ 25 ਦੀ ਸਬ ਸੈਕਸ਼ਨ (7) (8) ਥਾਣਾ ਘਨੌਰ ਦਰਜ ਕੀਤਾ ਗਿਆ।

ਐਸ.ਐਸ.ਪੀ. ਵਰੁਣ ਸ਼ਰਮਾ ਨੇ ਇਨ੍ਹਾਂ ਦੇ ਅਪਰਾਧਿਕ ਪਿਛੋਕੜ ਬਾਰੇ ਦੱਸਿਆ ਕਿ ਇਨ੍ਹਾਂ ਦਾ ਪਿਛੋਕੜ ਅਪਰਾਧਿਕ ਹੋਣ ਕਰਕੇ ਦੋਵੇਂ ਕਈ ਵਾਰ ਜੇਲ ਜਾ ਚੁੱਕੇ ਹਨ, ਗੁਰਪ੍ਰੀਤ ਸਿੰਘ ਉਰਫ ਟੱਲੀ ਜੋ ਕਿ ਐਸ.ਕੇ. ਖਰੌੜ ਗੈਂਗ ਦੇ ਮੈਂਬਰ ਬਿੱਟੂ ਗੁੱਜਰ ਦਾ ਨਜਦੀਕੀ ਸਾਥੀ ਹੈ ਅਤੇ ਪਸਿਆਣਾ ਦੇ ਸਰਪੰਚ ਭੁਪਿੰਦਰ ਸਿੰਘ ਦੇ ਮਈ 2020 ਹੋਏ ਕਤਲ ਵਿੱਚ ਬਿੱਟੂ ਗੁੱਜਰ ਦਾ ਸ਼ਹਿ ਦੋਸੀ ਹੈ ਹੁਣ ਇਹ ਉਸ ਕੇਸ ਵਿੱਚ ਜਮਾਨਤ ‘ਤੇ ਹੈ, ਜਿਸਤੇ ਇਰਾਦਾ ਕਤਲ ਦਾ ਮੁਕੱਦਮਾ ਥਾਣਾ ਭਵਾਨੀਗੜ੍ਹ ਵਿਖੇ ਵੀ ਦਰਜ ਹੈ।

ਇਸੇ ਤਰ੍ਹਾਂ ਸੁਖਜੀਤ ਸਿੰਘ ਉਰਫ ਗੋਲੂ ਵੀ ਖੰਨਾ ਸ਼ਹਿਰ ਵਿੱਚ ਦੋ ਗਰੁੱਪਾਂ ਵਿੱਚ ਚੱਲ ਰਹੀ ਗੈਂਗਵਾਰ ਵਿੱਚ ਸਰਗਰਮ ਹੈ ਅਤੇ ਇਸ ਵਿਰੁੱਧ ਵੀ ਇਰਾਦਾ ਕਤਲ ਦਾ ਮੁਕੱਦਮਾ ਥਾਣਾ ਸਿਟੀ-2 ਖੰਨਾ ਵਿਖੇ ਦਰਜ ਹੈ ਤੇ ਇਹ ਖੰਨਾ ਸ਼ਹਿਰ ਵਿੱਚ ਗਾਂਧੀ ਗਰੁੱਪ ਦੇ ਮੈਬਰਾਂ ਨਾਲ ਸਰਗਰਮ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਨੂੰ ਅੱਜ ਸਬੰਧਤ ਅਦਾਲਤ ਵਿੱਚ ਪੇਸ਼ ਕਰਕੇ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Scroll to Top