Patiala

ਪਟਿਆਲਾ: ਦਫ਼ਤਰੀ ਸਮੇਂ ‘ਚ ਤਬਦੀਲੀ ਦੇ ਪਹਿਲੇ ਦਿਨ ਸਮੇਂ ਤੋਂ ਪਹਿਲਾਂ ਪੁੱਜੇ ਡੀ.ਸੀ., ਐਸ.ਐਸ.ਪੀ. ਤੇ ਏ.ਡੀ.ਸੀ ਸਮੇਤ ਹੋਰ ਅਧਿਕਾਰੀ

ਪਟਿਆਲਾ, 02 ਮਈ 2023: ਪਟਿਆਲਾ (Patiala) ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਮੇਤ ਜ਼ਿਲ੍ਹੇ ਦੇ ਹੋਰ ਪ੍ਰਮੁੱਖ ਅਧਿਕਾਰੀ ਅੱਜ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ‘ਤੇ ਰਾਜ ਦੇ ਸਰਕਾਰੀ ਦਫ਼ਤਰਾਂ ਦਾ ਕੰਮ-ਕਾਜ਼ੀ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਕਰਨ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਦਫ਼ਤਰਾਂ ‘ਚ ਦਫ਼ਤਰੀ ਸਮੇਂ ਤੋਂ ਪਹਿਲਾਂ ਪੁੱਜ ਕੇ ਹੋਰਨਾਂ ਲਈ ਮਿਸਾਲ ਬਣੇ।ਇਨ੍ਹਾਂ ਅਧਿਕਾਰੀਆਂ ‘ਚ ਹੋਰਨਾਂ ਤੋਂ ਇਲਾਵਾ ਐਸ.ਐਸ.ਪੀ. ਵਰੁਣ ਸ਼ਰਮਾ, ਏ.ਡੀ.ਸੀਜ ਗੁਰਪ੍ਰੀਤ ਸਿੰਘ ਥਿੰਦ, ਗੌਤਮ ਜੈਨ ਤੇ ਈਸ਼ਾ ਸਿੰਘਲ ਸਮੇਤ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਵੀ ਸ਼ਾਮਲ ਸਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਨਵੇਂ ਸਮੇਂ ਦੇ ਮੱਦੇਨਜ਼ਰ ਆਪਣੇ ਦਫ਼ਤਰਾਂ ‘ਚ ਸਮੇਂ ਸਿਰ ਹਾਜ਼ਰ ਹੋ ਕੇ ਆਪਣੇ ਦਫ਼ਤਰੀ ਕੰਮ ਨਿਪਟਾਉਣ ਲਈ ਵਚਨਬੱਧ ਹੈ ਅਤੇ ਇਸਦਾ ਇਹ ਮਤਲਬ ਨਹੀਂ ਕਿ ਦੁਪਹਿਰ ਦੋ ਵਜੇ ਤੋਂ ਬਾਅਦ ਪ੍ਰਸ਼ਾਸਨ ਲੋਕਾਂ ਲਈ ਉਪਲਬੱਧ ਨਹੀਂ ਹੋਵੇਗਾ, ਸਗੋਂ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਨਾਗਰਿਕਾਂ ਦੀ ਸੇਵਾ ‘ਚ ਸਦਾ ਹਾਜ਼ਰ ਹੈ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਦੇ ਸਮੇਂ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ ਸਗੋਂ ਇਹ ਪਹਿਲਾਂ ਦੀ ਤਰ੍ਹਾਂ ਹੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣਾ ਕੰਮ ਕਰਦੇ ਰਹਿਣਗੇ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ (Patiala) ਦੇ ਸਮੂਹ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਨਵੇਂ ਦਫ਼ਤਰੀ ਸਮੇਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਸਮੇਂ ਸਿਰ ਦਫ਼ਤਰ ਪੁੱਜਣ।ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਉਣ ਦੇਣ ਨੂੰ ਮੁੱਖ ਰੱਖ ਕੇ ਲਿਆ ਗਿਆ ਹੈ, ਇਸ ਲਈ ਸਾਡਾ ਸਾਂਝੇ ਤੌਰ ‘ਤੇ ਫ਼ਰਜ਼ ਬਣਦਾ ਹੈ ਕਿ ਅਸੀਂ ਲੋਕਾਂ ਪ੍ਰਤੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈਏ।

ਐਸ ਐਸ ਪੀ ਵਰੁਣ ਸ਼ਰਮਾ ਜੋ ਕਿ ਦਫ਼ਤਰੀ ਸਮੇਂ ਤੋਂ ਪਹਿਲਾਂ ਹੀ ਆਪਣੇ ਦਫ਼ਤਰ ਪੁੱਜ ਗਏ ਸਨ, ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਮੁਤਾਬਕ ਜੀ ਓ ਰੈਂਕ ਦੇ ਸਾਰੇ ਅਫ਼ਸਰ ਅਤੇ ਜ਼ਿਲ੍ਹਾ ਪੁਲਿਸ ਦਫ਼ਤਰ ਵਿਖੇ ਤਾਇਨਾਤ ਸਮੂਹ ਕਰਮਚਾਰੀ ਸਮੇਂ ਸਿਰ ਪੁੱਜ ਗਏ ਸਨ। ਉਨ੍ਹਾਂ ਕਿਹਾ ਕਿ ਕਾਨੂੰਨ ਤੇ ਵਿਵਸਥਾ ਦੀ ਕਾਇਮੀ ਦੇ ਮੱਦੇਨਜ਼ਰ ਪੁਲਿਸ ਦੀ ਡਿਊਟੀ ਹਮੇਸ਼ਾਂ 24 ਘੰਟੇ 7 ਦਿਨ ਚਲਦੀ ਰਹਿੰਦੀ ਹੈ ਅਤੇ ਹੁਣ ਵੀ ਸਰਕਾਰ ਦੇ ਇਨ੍ਹਾਂ ਹੁਕਮਾਂ ਮੁਤਾਬਕ ਦਫ਼ਤਰੀ ਸਮੇਂ ਨੂੰ ਪਾਬੰਦ ਬਣਾਇਆ ਗਿਆ ਹੈ।

 

Scroll to Top