Kundan Gogia

Patiala News: ਕੁੰਦਨ ਗੋਗੀਆ ਨੂੰ ਚੁਣਿਆ ਨਗਰ ਨਿਗਮ ਪਟਿਆਲਾ ਦਾ ਮੇਅਰ

ਪਟਿਆਲਾ,10 ਜਨਵਰੀ 2025: ਨਗਰ ਨਿਗਮ ਪਟਿਆਲਾ ਦੇ ਹਾਊਸ ਦੇ ਕੌਂਸਲਰਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਅੱਜ ਸ੍ਰੀ ਕੁੰਦਨ ਗੋਗੀਆ (Kundan Gogia) ਨੂੰ ਨਗਰ ਨਿਗਮ ਦਾ ਨਵਾਂ ਮੇਅਰ ਚੁਣ ਗਿਆ ਹੈ ।ਇਸਦੇ ਨਾਲ ਹੀ ਹਰਿੰਦਰ ਕੋਹਲੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਸਿੰਘ ਰਾਏ ਡਿਪਟੀ ਮੇਅਰ ਵਜੋਂ ਨੂੰ ਚੁਣਿਆ ਗਿਆ ਹੈ। ਇਹ ਸਾਰੀ ਚੋਣ ਪ੍ਰਕਿਰਿਆ ਸਰਵਸੰਮਤੀ ਨਾਲ ਮੁਕੰਮਲ ਕੀਤੀ ਹੈ |

ਇਸਦੇ ਨਾਲ ਹੀ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਮੌਜੂਦਗੀ ‘ਚ ਅਹੁਦੇ ਸਾਂਭੇ। ਇਸ ਦੌਰਾਨ ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਵੀ ਹਾਜ਼ਰ ਸਨ।

ਇਸ ਤੋਂ ਪਹਿਲਾ ਨਗਰ ਨਿਗਮ ਦੇ ਸਾਹਿਰ ਲੁਧਿਆਣਵੀ ਮੀਟਿੰਗ ਹਾਲ ਵਿਖੇ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 35 ਅਧੀਨ ਨਵੇਂ ਚੁਣੇ ਕੌਂਸਲਰਾਂ ਨੂੰ ਸਹੁੰ ਚੁਕਾਉਣ ਲਈ ਐਕਟ ਦੀ ਧਾਰਾ 56 ਅਧੀਨ ਪਹਿਲੀ ਬੈਠਕ ਸੱਦੀ ਸੀ। ਇਸ ਦੌਰਾਨ ਨਗਰ ਨਿਗਮ ਹਾਊਸ ਦੇ ਐਕਸ ਆਫ਼ਿਸਿਓ ਮੈਂਬਰ ਵਜੋਂ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਵੀ ਸ਼ਮੂਲੀਅਤ ਕੀਤੀ ਹੈ |

ਪਟਿਆਲਾ ਮੰਡਲ ਦੇ ਮੰਡਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਵੱਲੋਂ ਸਹੁੰ ਚੁਕਾਉਣ ਉਪਰੰਤ ਕੌਂਸਲਰਾਂ ਨੇ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਕੇ ਭਾਰਤ ਦੇ ਸੰਵਿਧਾਨ ਪ੍ਰਤੀ ਵਿਸ਼ਵਾਸ਼ ਅਤੇ ਨਿਸ਼ਠਾ ਦੀ ਸਹੁੰ ਚੁੱਕੀ ਹੈ। ਮੰਡਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 38 ਅਧੀਨ ਮੇਅਰ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਬੈਠਕ ਦੀ ਪ੍ਰਧਾਨਗੀ ਕਰਨ ਲਈ ਐਕਟ ਦੀ ਧਾਰਾ 60 (ਏ) ਅਧੀਨ ਵਾਰਡ ਨੰਬਰ 14 ਤੋਂ ਕੌਂਸਲਰ ਗੁਰਕ੍ਰਿਪਾਲ ਸਿੰਘ ਨੂੰ ਪ੍ਰੀਜਾਈਡਿੰਗ ਅਫ਼ਸਰ ਮਨੋਨੀਤ ਕੀਤਾ ਗਿਆ ਹੈ।

ਇਸ ਤੋਂ ਬਾਅਦ ਕਾਰਵਾਈ ਸ਼ੁਰੂ ਕਰਦਿਆਂ ਗੁਰਕ੍ਰਿਪਾਲ ਸਿੰਘ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦਾ ਸੱਦਾ ਦਿੰਦੇ ਹੋਏ ਹਾਊਸ ਤੋਂ ਤਜਵੀਜ ਮੰਗੀ ਹੈ । ਇਸਦੇ ਨਾਲ ਹੀ ਬਾਅਦ ਵਾਰਡ ਨੰਬਰ 34 ਦੇ ਕੌਂਸਲਰ ਤੇਜਿੰਦਰ ਮਹਿਤਾ ਨੇ ਵਾਰਡ ਨੰਬਰ 30 ਤੋਂ ਚੁਣੇ ਗਏ ਕੌਂਸਲਰ ਕੁੰਦਨ ਗੋਗੀਆ ਦੇ ਨਾਮ ਦੀ ਤਜਵੀਜ ਕੀਤੀ।

ਇਸ ਮੌਕੇ ਕੁੰਦਨ ਗੋਗੀਆ (Kundan Gogia) ਦੇ ਨਾਮ ਦੀ ਤਾਈਦ ਵਾਰਡ ਨੰਬਰ 29 ਤੋਂ ਕੌਂਸਲਰ ਸ੍ਰੀਮਤੀ ਮੁਕਤਾ ਗੁਪਤਾ ਵੱਲੋਂ ਕੀਤੀ ਗਈ ਅਤੇ ਸਮੂਹ ਹਾਜਰ ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਕੁੰਦਨ ਗੋਗੀਆ ਦੇ ਨਾਮ ‘ਤੇ ਸਰਵਸੰਮਤੀ ਪ੍ਰਗਟਾਈ ਅਤੇ ਕੁੰਦਨ ਗੋਗੀਆ ਨੂੰ ਮੇਅਰ ਚੁਣਿਆ ਗਿਆ |

ਇਸਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਵਾਰਡ ਨੰਬਰ 6 ਤੋਂ ਕੌਂਸਲਰ ਜਸਬੀਰ ਸਿੰਘ ਨੇ ਵਾਰਡ ਨੰਬਰ 28 ਤੋਂ ਕੌਂਸਲਰ ਹਰਿੰਦਰ ਕੋਹਲੀ ਦੇ ਨਾਮ ਦੀ ਤਜਵੀਜ ਰੱਖੀ | ਇਸਦੇ ਨਾਲ ਹੀ ਵਾਰਡ ਨੰਬਰ 18 ਤੋਂ ਕੌਂਸਲਰ ਗਿਆਨ ਚੰਦ ਵੱਲੋਂ ਤਾਈਦ ਕੀਤੀ ਗਈ ਹੈ। ਦੂਜੇ ਪਾਸੇ ਡਿਪਟੀ ਮੇਅਰ ਦੇ ਅਹੁਦੇ ਲਈ ਵਾਰਡ ਨੰਬਰ 12 ਤੋਂ ਕੌਂਸਲਰ ਜਗਦੀਪ ਸਿੰਘ ਰਾਏ ਦੇ ਨਾਂ ਦੀ ਤਜਵੀਜ ਵਾਰਡ ਨੰਬਰ-8 ਤੋਂ ਕੌਂਸਲਰ ਸ਼ੰਕਰ ਲਾਲ ਵੱਲੋਂ ਕੀਤੀ ਗਈ ਅਤੇ ਇਨ੍ਹਾਂ ਦੇ ਨਾਂ ਦੀ ਤਾਈਦ ਵਾਰਡ ਨੰਬਰ 38 ਤੋਂ ਕੌਂਸਲਰ ਹਰਪਾਲ ਜੁਨੇਜਾ ਵੱਲੋਂ ਕੀਤੀ ਗਈ । ਇਸ ਤਰ੍ਹਾਂ ਹਰਿੰਦਰ ਕੋਹਲੀ ਅਤੇ ਜਗਦੀਪ ਸਿੰਘ ਰਾਏ ਦੀ ਚੋਣ ਵੀ ਸਮੂਹ ਕੌਂਸਲਰਾਂ ਵੱਲੋਂ ਸਰਵਸੰਮਤੀ ਨਾਲ ਕੀਤੀ ਗਈ |

ਜਿਕਰਯੋਗ ਹੈ ਕਿ ਪੰਜਾਬ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਨੰਬਰ ਐਸ.ਈ.ਸੀ.-ਐਮ.ਈ.-ਐਸ.ਏ.ਐਮ.-2024/63 ਮਿਤੀ 3 ਜਨਵਰੀ 2025 ਨੂੰ ਜਾਰੀ ਕੀਤਾ ਗਿਆ ਸੀ। ਇਸ ਤਹਿਤ ਨਿਗਮ ਐਕਟ ਦੀ ਧਾਰਾਵਾਂ ਤਹਿਤ ਮੰਡਲ ਕਮਿਸ਼ਨਰ ਪਟਿਆਲਾ ਵੱਲੋਂ ਨਵੇਂ ਕੌਂਸਲਰਾਂ ਦੀ ਸਹੁੰ ਚੁੱਕਣ ਬਾਰੇ ਨੋਟਿਸ ਜਾਰੀ ਕੀਤਾ ਸੀ। ਅੱਜ ਮੇਅਰ ਤੇ ਹੋਰ ਅਹੁਦੇਦਾਰਾਂ ਦੀ ਚੋਣ ਦੌਰਾਨ ਏਡੀਸੀ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਨਗਰ ਨਿਗਮ ਦੇ ਕਮਿਸ਼ਨਰ ਡਾ. ਰਜਤ ਓਬਰਾਏ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਬਬਨਦੀਪ ਸਿੰਘ ਤੇ ਦੀਪਜੋਤ ਕੌਰ ਵੀ ਹਾਜ਼ਰ ਸਨ।

Read More: ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਮਨਜਿੰਦਰ ਸਿੰਘ ‘ਤੇ 1 ਸਾਲ ਲਈ ਕਮਿਸ਼ਨ ‘ਚ RTI ਦਾਖਲ ਕਰਨ ‘ਤੇ ਰੋਕ

Scroll to Top