Lakhwinder Wadali

Patiala Heritage Festival-2025: ਗਾਇਕ ਲਖਵਿੰਦਰ ਵਡਾਲੀ ਨੇ ਸੱਭਿਆਚਾਰਕ ਤੇ ਸੂਫ਼ੀ ਗਾਇਕੀ ਨਾਲ ਬੰਨ੍ਹਿਆ ਰੰਗ

ਪਟਿਆਲਾ, 15 ਫਰਵਰੀ 2025: ਪਟਿਆਲਾ ਦੇ ਵੇਲੇ ਪੋਲੋ ਗਰਾਊਂਡ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਦੂਜੇ ਦਿਨ ਦੀ ਸੂਫ਼ੀ ਗਾਇਕੀ ਵਾਲੀ ਸ਼ਾਮ ਨੂੰ ਆਪਣੀ ਸੱਭਿਆਚਾਰਕ ਤੇ ਸੂਫ਼ੀ ਗਾਇਕੀ ਨਾਲ ਉੱਘੇ ਗਾਇਕ ਲਖਵਿੰਦਰ ਵਡਾਲੀ (Lakhwinder Wadali) ਨੇ ਨਾਲ ਇਸ ਵਿਰਾਸਤੀ ਉਤਸਵ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ।

ਇਸ ਸਮਾਗਮ ‘ਚ ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਸੂਫ਼ੀ ਗਾਇਕੀ ਦੀ ਇਸ ਖ਼ੂਬਸੂਰਤ ਸ਼ਾਮ ਦਾ ਆਨੰਦ ਮਾਣਿਆ। ਇਸ ਤੋਂ ਪਹਿਲਾਂ ਸੂਫ਼ੀ ਢਾਡੀ ਨਵਜੋਤ ਸਿੰਘ ਮੰਡੇਰ ਨੇ ਪੰਜਾਬੀ ਲੋਕ ਧਾਰਾ ਦੇ ਕਿੱਸੇ ਤੇ ਢਾਡੀ ਗਾਇਕੀ ਦੀਆਂ ਵਿਰਾਸਤੀ ਤੇ ਸਿੰਗਾਰ ਰਸ ਦੀਆਂ ਵੰਨਗੀਆਂ ਗਾ ਕੇ ਰੰਗ ਬੰਨ੍ਹਿਆ।

ਜਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਪਟਿਆਲਾ ਹੈਰੀਟੇਜ ਫੈਸਟੀਵਲ-2025 ਦੀ ਸੂਫ਼ੀ ਗਾਇਕੀ ਦੀ ਇਸ ਸ਼ਾਮ ਵੇਲੇ ਪੋਲੋ ਗਰਾਊਂਡ ‘ਚ ਇੱਕ ਵੱਖਰਾ ਹੀ ਮਾਹੌਲ ਸਿਰਜਦਿਆਂ ਅਕੈਡਮੀ ਯੁਵਾ ਪੁਰਸਕਾਰ ਅਵਾਰਡੀ ਲਖਵਿੰਦਰ ਵਡਾਲੀ ਨੇ ਸੱਭਿਆਚਾਰਕ ਤੇ ਸੂਫ਼ੀ ਗੀਤਾਂ ਸਮੇਤ ਦਰਸ਼ਕਾਂ ਦੀ ਮੰਗ ਮੁਤਾਬਕ ਆਪਣੇ ਚਰਚਿਤ ਗੀਤ ਗਾ ਕੇ ਖ਼ੂਬ ਰੰਗ ਬੰਨ੍ਹਿਆ ਅਤੇ ਸਮਾਗਮ ‘ਚ ਪੁੱਜੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।

ਕਿੰਗ ਆਫ਼ ਸੂਫ਼ੀ ਦੇ ਨਾਮ ਨਾਲ ਮਸ਼ਹੂਰ ਲਖਵਿੰਦਰ ਵਡਾਲੀ ਨੇ ਬਾਬਾ ਫਰੀਦ ਜੀ ਦੇ ਸ਼ਬਦ, ਦੋਹੇ, ਤੁ ਮਾਨੇ ਯਾ ਨਾ ਮਾਨੇ, ਚਰਖਾ, ਕਮਲੀ ਯਾਦ ਦੀ ਕਮਲੀ, ਨਜ਼ਰ ਮਿਲਾਓ, ਦਮਾ ਦਮ ਮਸਤ ਕਲੰਦਰ-ਝੂਲੇ ਲਾਲਨ, ਤੇਰਾ ਚਿਹਰਾ, ਰੰਗੀ ਗਈ ਸੋਹਣਿਆ, ਰੱਬ ਮੰਨਿਆ, ਚਾਂਦ, ਹੀਰ ਆਦਿ ਸੂਫ਼ੀ ਕਲਾਮ ਅਤੇ ਲੋਕ ਗੀਤ ਗਾਏ। ਉਨ੍ਹਾਂ ਨੇ ਇਸ ਵਿਰਾਸਤੀ ਉਤਸਵ ਨੂੰ ਕਰਵਾਉਣ ‘ਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੱਤੀ।

ਇਸ ਮੌਕੇ ਲਖਵਿੰਦਰ ਵਡਾਲੀ (Lakhwinder Wadali) ਨੇ ਸੁਨੇਹਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਇਹ ਵਿਰਾਸਤੀ ਮੇਲਾ ਇੱਕ ਬਹੁਤ ਚੰਗਾ ਉਪਰਾਲਾ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਵਧਾਈ ਦੇ ਪਾਤਰ ਹਨ। ਇਸ ਤੋਂ ਪਹਿਲਾਂ ਸੂਫ਼ੀ ਢਾਡੀ ਨਵਜੋਤ ਸਿੰਘ ਮੰਡੇਰ ਨੇ ਆਪਣੇ ਸਾਥੀ ਨਵਕੰਵਰ ਮੰਡੇਰ, ਜਸਕੰਵਰ ਮੰਡੇਰ ਤੇ ਮਨਪ੍ਰੀਤ ਸਿੰਘ ਨਾਲ ਸੂਫ਼ੀ ਢਾਡੀ ਗਾਇਕੀ ਨਾਲ ਦਰਸ਼ਕ ਕੀਲੇ।

Lakhwinder Wadali

ਇਸ ਮੌਕੇ ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਕੌਮੀ ਤੇ ਕੌਮਾਂਤਰੀ ਸੈਲਾਨੀਆ ਲਈ ਖਿੱਚ ਦਾ ਕੇਂਦਰ ਬਣਾਉਣ ਲਈ ਅਜਿਹੇ ਫੈਸਟੀਵਲ ਪੰਜਾਬ ਭਰ ‘ਚ ਕਰਵਾਏ ਜਾ ਰਹੇ ਹਨ। ਮੰਤਰੀ ਸੌਂਦ ਨੇ ਕਿਹਾ ਕਿ ਅਜਿਹੀ ਸਾਫ਼ ਸੁਥਰੀ ਗਾਇਕੀ ਸਾਨੂੰ ਸਾਡੀ ਵਿਰਾਸਤ ਨਾਲ ਜੋੜਦੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਸੰਗੀਤ ਰਾਹੀਂ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਰੱਖਣ ਦਾ ਸੰਦੇਸ਼ ਦਿੰਦੀ ਹੈ।

ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ 15 ਫਰਵਰੀ ਨੂੰ ਸਵੇਰੇ ਸੰਗਰੂਰ ਰੋਡ ‘ਤੇ ਸਥਿਤ ਸਿਵਲ ਏਵੀਏਸ਼ਨ ਕਲੱਬ ਵਿਖੇ ਏਅਰੋ ਸ਼ੋਅ ਦੇਖਣ ਲਈ ਪੁੱਜਣ ਅਤੇ ਸ਼ਾਮ ਨੂੰ ਸਤਿੰਦਰ ਸੱਤੀ ਦੀ ਪੇਸ਼ਕਾਰੀ ਨਾਲ ਫੈਸ਼ਨ ਸ਼ੋਅ ਦੇ ਗਵਾਹ ਬਣਨ ਲਈ ਸ਼ਾਮ 6 ਵਜੇ ਕਿਲ੍ਹਾ ਮੁਬਾਰਕ ਵਿਖੇ ਜਰੂਰ ਸ਼ਮੂਲੀਅਤ ਕਰਨ।

ਇਸ ਮੌਕੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਸਿੰਘ ਰਾਏ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ, ਬੌਲੀਵੁਡ ਤੋਂ ਜਾਵੇਦ ਜਾਫਰੀ, ਪੰਜਾਬੀ ਦੇ ਪ੍ਰਸਿੱਧ ਅਦਾਕਾਰ ਬੀਨੂੰ ਢਿੱਲੋਂ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਤੇਜਿੰਦਰ ਮਹਿਤਾ, ਇੰਦਰਜੀਤ ਸਿੰਘ ਸੰਧੂ, ਪ੍ਰਾਣ ਸੱਭਰਵਾਲ, ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ. ਡਾ. ਨਾਨਕ ਸਿੰਘ, ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ ਆਲਮ, ਮਨੀਸ਼ਾ ਰਾਣਾ, ਏ.ਡੀ.ਸੀ. ਇਸ਼ਾ ਸਿੰਗਲ, ਐਸ.ਡੀ.ਐਮ. ਰਾਜਪੁਰਾ ਤੇ ਨੋਡਲ ਅਫ਼ਸਰ ਅਵਿਕੇਸ਼ ਕੁਮਾਰ, ਜੁਡੀਸ਼ੀਅਲ ਤੇ ਸਿਵਲ ਅਧਿਕਾਰੀਆਂ ਸਮੇਤ ਪਟਿਆਲਾ ਵਾਸੀ ਅਤੇ ਸੰਗੀਤ ਪ੍ਰੇਮੀਆਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕਰਕੇ ਸੂਫ਼ੀ ਗਾਇਕੀ ਦਾ ਅਨੰਦ ਮਾਣਿਆ।

Read More: ਪਟਿਆਲਾ ਹੈਰੀਟੇਜ ਫੈਸਟੀਵਲ ਤੇ ਸਰਸ ਮੇਲੇ ਵਾਲੇ ਸਥਾਨਾਂ ਦੇ 5 ਕਿਲੋਮੀਟਰ ਖੇਤਰ ਨੂੰ ਨੋ ਡਰੋਨ ਜੋਨ ਐਲਾਨਿਆ

Scroll to Top