ਪਟਿਆਲਾ, 3 ਫਰਵਰੀ 2024: ਪਟਿਆਲਾ ਹੈਰੀਟੇਜ ਫੈਸਟੀਵਲ-2024 (Patiala Heritage Festival) ਦੇ ਸ਼ਾਸਤਰੀ ਸੰਗੀਤ ਦੀ ਅੱਜ ਆਖਰੀ ਸ਼ਾਮ ਇਥੇ ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ ਵਿਚ ਗਵਾਲੀਅਰ ਘਰਾਣੇ ਦੇ ਉੱਘੇ ਸ਼ਾਸਤਰੀ ਗਾਇਕ ਪੰਡਿਤ ਲਕਸ਼ਮਣ ਕ੍ਰਿਸ਼ਨਾ ਰਾਓ ਅਤੇ ਮੀਤਾ ਪੰਡਿਤ ਨੇ ਸ਼ਾਸ਼ਤਰੀ ਗਾਇਨ ਅਤੇ ਪ੍ਰਸਿੱਧ ਨਾਤੀਆ ਕਵਾਲ ਵਾਰਸੀ ਬ੍ਰਦਰਜ਼ ਨਜ਼ੀਰ ਅਹਿਮਦ ਵਾਰਸੀ ਤੇ ਨਸੀਰ ਅਹਿਮਦ ਵਾਰਸੀ ਦੀਆਂ ਰਵਾਇਤੀ ਕੱਵਾਲੀਆਂ ਦੀ ਪੇਸ਼ਕਾਰੀ ਨੇ ਹਾਜ਼ਰੀਨ ਨੂੰ ਮੰਤਰ ਮੁਗਧ ਕਰਦਿਆਂ ਵਿਰਾਸਤੀ ਉਤਸਵ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ।
ਵਿਸ਼ਵ ਵਿਖਿਆਤ ਸ਼ਾਸਤਰੀ ਗਾਇਕ ਪਦਮ ਭੂਸ਼ਣ ਪੰਡਿਤ ਕ੍ਰਿਸ਼ਨਾ ਰਾਓ ਸ਼ੰਕਰ ਦੀ ਪੋਤਰੀ ਤੇ ਪੰਡਿਤ ਲਕਸ਼ਮਣ ਕ੍ਰਿਸ਼ਨਾ ਰਾਓ ਦੀ ਪੁੱਤਰੀ ਅਤੇ ਗਵਾਲੀਅਰ ਘਰਾਣੇ ਦੀ ਪਹਿਲੀ ਮਹਿਲਾ ਗਵੱਈਆ ਮੀਤਾ ਪੰਡਿਤ ਨੇ ਆਪਣੇ ਪਿਤਾ ਦੇ ਨਾਲ ਸ਼ਾਸਤਰੀ ਗਾਇਨ ਦੀ ਨਿਵੇਕਲੀ ਪੇਸ਼ਕਾਰੀ ਦਿੱਤੀ।
ਮੀਤਾ ਪੰਡਿਤ ਨੇ ਆਪਣੇ ਗਾਇਨ ਦੀ ਸ਼ੁਰੂਆਤ ਰਾਗ ਭੁਪਾਲੀ ਤੋਂ ਕੀਤੀ। ਉਨ੍ਹਾਂ ਨੇ ਮੇਰੀ ਸੁਗੰਧ ਇਕ ਸੀਤਲ, ਪੰਜਾਬੀ ਕੰਪੋਜੀਸ਼ਨ ਨਾ ਮਾਣ ਜੋਬਨ ਦਾ ਵੇ ਮੀਆ ਗਾ ਕੇ ਖੂਬ ਰੰਗ ਬੰਨ੍ਹਿਆਂ।ਉਨ੍ਹਾਂ ਨੇ ਪੰਡਿਤ ਪੰਡਿਤ ਲਕਸ਼ਮਣ ਕ੍ਰਿਸ਼ਨਾ ਰਾਓ ਦੇ ਨਾਲ ਰਾਗ ਪੂਰੀਆ ਤੋਂ ਸ਼ੁਰੂ ਕਰਕੇ ਖੂਬਸੂਰਤ ਪੰਜਾਬੀ ਬੰਦਿਸ਼ ‘ਦਿਲ ਲੱਗਾ ਰਹਿੰਦਾ ਯਾਰ ਵੇ’ ਤੇ ਟੱਪਾ – ‘ਯਾਰ ਦੀ ਮੈਨੂੰ ਤਲਬ ਦੀਦਾਰ ਦੀ’ ਸੁਣਾਇਆ। ਇਸ ਤੋਂ ਬਾਅਦ ਰਾਗ ਭੈਰਵੀ ‘ਚ ਮੈ ਤੋ ਤੇਰੇ ਦਾਮਨਵਾ ਲਗੀ ਮਹਾਰਾਜ, ਅੱਡਾ ਤੀਨਤਾਲ, ਸਾਡੇ ਨਾਲ ਗੱਲਾਂ ਕਰਕੇ ਚੱਲਾ, ਤੀਨ ਤਾਲ ‘ਚ ਸੁਣਾਇਆ।
ਇਸ ਤੋਂ ਬਾਅਦ ਕੱਵਾਲੀ ਨਾਲ ਚਾਰ ਪੀੜ੍ਹੀਆਂ ਤੋਂ ਸਾਂਝ ਰੱਖਣ ਵਾਲੇ ਦਿੱਲੀ ਕੱਵਾਲ ਬੱਚਾ ਘਰਾਣੇ ਦੇ ਪਦਮਸ਼੍ਰੀ ਅਜ਼ੀਜ ਅਹਿਮਦ ਖਾਨ ਵਾਰਸੀ ਦੇ ਪੋਤਰੇ, ਉਸਤਾਦ ਜ਼ਹੀਰ ਅਹਿਮਦ ਖ਼ਾਨ ਵਾਰਸੀ ਦੇ ਪੁੱਤਰ ਤੇ ਸੁਰੀਲੀ ਅਵਾਜ਼ ਨਾਲ ਲਬਰੇਜ਼ ਵਾਰਸੀ ਭਰਾਵਾਂ ਉਸਤਾਦ ਨਸੀਰ ਅਹਿਮਦ ਵਾਰਸੀ ਤੇ ਨਜ਼ੀਰ ਅਹਿਮਦ ਵਾਰਸੀ ਨੇ ਆਪਣੇ ਸਾਥੀਆਂ ਨਾਲ ਰਵਾਇਤੀ ਕੱਵਾਲੀਆਂ ਗਾ ਕੇ ਖ਼ੂਬ ਰੰਗ ਬੰਨ੍ਹਦਿਆਂ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਵਾਰਸੀ ਭਰਾਵਾਂ ਦੇ ਪੁਰਖੇ ਹੈਦਰਾਬਾਦ ਨਿਜ਼ਾਮ ਦੇ ਗਵੱਈਏ ਸਨ ਤੇ ਇਨ੍ਹਾਂ ਦੇ ਖਾਨਦਾਨ ‘ਚ 800 ਸਾਲ ਤੋਂ ਜਿਆਦਾ ਸਮੇਂ ਤੋਂ ਕਵਾਲੀ ਤੇ ਸ਼ਾਸਤਰੀ ਸੰਗੀਤ ਦੀ ਪ੍ਰੰਪਰਾ ਚੱਲ ਰਹੀ ਹੈ।
ਸੰਗੀਤ ਨਾਟਕ ਅਵਾਰਡ ਜੇਤੂ ਵਾਰਸੀ ਭਰਾਵਾਂ ਨੇ ਹਜ਼ਰਤ ਅਮੀਰ ਖੁਸਰੋ ਦੇ ਕੌਲ ਤੋਂ ਸ਼ੁਰੂ ਕਰਕੇ, ‘ਮਨ ਕੁੰਤੋ ਮੌਲਾ‘, ‘ਮੇਰਾ ਪੀਆ ਘਰ ਆਇਆ’, ਮੌਲਾ ਚਿਸ਼ਤੀ ਸਲੀਮ ਚਿਸ਼ਤੀ ਕਿਰਪਾ ਕਰੋ ਮਹਾਰਾਜ, ਦਮਾ ਦਮ ਮਸਤ ਕਲੰਦਰ, ‘ਆਜ ਰੰਗ ਹੈ ਰੀ’ ਗਾ ਕੇ ਮਹਿਫ਼ਲ ‘ਚ ਰੂਹਾਨੀਅਤ ਦਾ ਖ਼ੂਬ ਰੰਗ ਭਰਿਆ।
ਮੀਤਾ ਪੰਡਿਤ ਨਾਲ ਤਬਲੇ ‘ਤੇ ਸੰਗਤ ਮਿਥਲੇਸ਼ ਝਾਅ, ਸਾਰੰਗੀ ‘ਤੇ ਕਮਾਲ ਅਹਿਮਦ, ਹਰਮੋਨੀਅਮ ‘ਤੇ ਪ੍ਰੋਮਿਤਾ ਮੁਖਰਜੀ ਤੇ ਵੋਕਲ ਸੰਗਤ ਰਜਨੀਸ਼ ਕੁਮਾਰ ਤੇ ਤਾਨਪੁਰਾ ‘ਤੇ ਵਿਦਿਆਰਥਣਾਂ ਕਸ਼ਿਸ਼ ਖੱਟਰ ਤੇ ਦ੍ਰਿਸ਼ਟੀ ਨੇ ਕੀਤੀ। ਜਦਕਿ ਵਾਰਸ ਬ੍ਰਦਰਜ਼ ਨਾਲ ਤਬਲੇ ‘ਤੇ ਮੁਹਤਿਸ਼ਮ ਵਾਰਸੀ, ਢੋਲਕ ਸਈਅਦ ਹਬੀਬ, ਸਾਈਡ ਸਿੰਗਰ ਅਜੀਜ਼ ਵਾਰਸੀ, ਮੁਰਤੁਜ਼ਾ ਵਾਰਸੀ ਤੇ ਕੋਰਸ ‘ਤੇ ਅਦੀਬ ਨਿਆਜ਼ੀ ਤੇ ਸਮੀ ਵਾਰਸੀ ਨੇ ਸੰਗਤ ਕੀਤੀ।
ਇਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਵੀਰ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਅਜਿਹੀ ਸਾਫ਼ ਸੁਥਰੀ ਗਾਇਕੀ ਸਾਨੂੰ ਸਾਡੀ ਵਿਰਾਸਤ ਨਾਲ ਜੋੜਦੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਸੰਗੀਤ ਰਾਹੀਂ ਆਪਣੇ ਜੀਵਨ ਨੂੰ ਉੱਚਾ ਤੇ ਸੱਚਾ ਰੱਖਣ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਪਣੀ ਨਵੀਂ ਪੀੜ੍ਹੀ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਨ ਲਈ ਵਚਨਬੱਧ ਹੈ।
ਇਸ ਮੌਕੇ ਮੰਚ ਸੰਚਾਲਣ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਦੇ ਪ੍ਰੋਫੈਸਰ ਉੱਘੀ ਸ਼ਾਸਤਰੀ ਗਾਇਕਾ ਤੇ ਗੁਰਬਾਣੀ ਕੀਰਤਨਕਾਰ ਡਾ. ਨਿਵੇਦਿਤਾ ਸਿੰਘ ਨੇ ਕੀਤਾ ਅਤੇ ਕਲਾਕਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਮੌਕੇ ਏ.ਡੀ.ਸੀਜ ਅਨੁਪ੍ਰਿਤਾ ਜੌਹਲ ਤੇ ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਟਰੱਸਟੀ ਅਨੀਤਾ ਸਿੰਘ ਤੇ ਵੱਡੀ ਗਿਣਤੀ ‘ਚ ਪਟਿਆਲਾ ਵਾਸੀਆਂ ਅਤੇ ਸੰਗੀਤ ਪ੍ਰੇਮੀਆਂ ਨੇ ਸ਼ਿਰਕਤ (Patiala Heritage Festival) ਕਰਕੇ ਕਵਾਲੀ ਤੇ ਸ਼ਾਸਤਰੀ ਗਾਇਕੀ ਦਾ ਅਨੰਦ ਮਾਣਿਆ।