ਪਟਿਆਲਾ, 2 ਫਰਵਰੀ 2024: ਪੂਰੀ ਸ਼ਾਨ-ਓ-ਸ਼ੌਕਤ ਨਾਲ ਵਿਰਾਸਤੀ ਅੰਦਾਜ ‘ਚ ਖ਼ੂਬਸੂਰਤ ਰੌਸ਼ਨੀਆਂ ਨਾਲ ਸਜੇ ਅਤੇ ਜਗਮਗਾਏ ਪਟਿਆਲਾ ਦੇ ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਮਧੁਰ ਸੰਗੀਤਕ ਧੁੰਨਾਂ ਤੇ ਪੰਛੀਆਂ ਦੀ ਚਹਿਚਹਾਟ ਨਾਲ ‘ਪਟਿਆਲਾ ਵਿਰਾਸਤੀ ਮੇਲੇ’ ਦਾ ਅੱਜ ਸ਼ਾਮ ਇੱਥੇ ਆਗਾਜ਼ ਹੋ ਗਿਆ। ਇਸ ਦੌਰਾਨ ਭਗਤੀ ਲਹਿਰ ਦੀ ਸੰਤ ਕਵੀ ਮੀਰਾ ਬਾਈ ‘ਤੇ ਅਧਾਰਤ ਡਾਂਸ ਡਰਾਮਾ ‘ਬੈਲੇ’ ਦੀ ਸ਼ਾਨਦਾਰ ਪੇਸ਼ਕਾਰੀ ਨੇ ਦਰਸ਼ਕ ਮੋਹ ਲਏ। ਜਦਕਿ ਪੰਡਿਤ ਸੁਭੇਂਦਰ ਰਾਓ ਤੇ ਸਸਕਿਆ ਰਾਓ ਨੇ ਪੇਸ਼ ਕੀਤੀ ਸਿਤਾਰ-ਸੈਲੋ ਦੀ ਵਿਲੱਖਣ ਜੁਗਲਬੰਦੀ ਨੇ ਵੀ ਆਪਣੀ ਵਿਸ਼ੇਸ਼ ਛਾਪ ਛੱਡੀ।
ਇਸ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਕਿਲਾ ਮੁਬਾਰਕ ਅੰਦਰ ਜਗਦੀ ਢਾਈ ਦਹਾਕੇ ਤੋਂ ਵਧ ਸਮੇਂ ਤੋਂ ਜਗਦੀ ਆ ਰਹੀ ਜੋਤ ਤੋਂ ਜਗਾ ਕੇ ਲਿਆਂਦੀ ਮਸ਼ਾਲ ਨਾਲ ਅੱਗੇ ਦੀਪ ਨੂੰ ਜਗਾ ਕੇ ਕੀਤਾ। ਉਨ੍ਹਾਂ ਦੇ ਨਾਲ ਏ.ਡੀ.ਸੀਜ ਅਨੁਪ੍ਰਿਤਾ ਜੌਹਲ, ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਅਤੇ ਇੰਡੀਅਨ ਮਿਊਜਿਕ ਸੁਸਾਇਟੀ ਦੇ ਵਾਈਸ ਚੇਅਰਪਰਸਨ, ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਟਰਸਟੀ ਤੇ ਇਨਟੈਕ ਦੇ ਕਨਵੀਨਰ ਸ੍ਰੀਮਤੀ ਅਨੀਤਾ ਸਿੰਘ ਵੀ ਮੌਜੂਦ ਸਨ।
ਪਦਮਸ੍ਰੀ ਸ਼ੋਭਾ ਦੀਪਕ ਸਿੰਘ ਦੀ ਨਿਰਦੇਸ਼ਨਾ ਹੇਠ ਸ੍ਰੀ ਰਾਮ ਭਾਰਤੀਆ ਕਲਾ ਕੇਂਦਰ ਨਿਊ ਦਿੱਲੀ ਦੇ ਦੋ ਦਰਜਨ ਤੋਂ ਵਧੀਕ ਕਲਾਕਾਰਾਂ ਨੇ ਦਿਲਟੁੰਭਵੀਂ ਪੇਸ਼ਕਾਰੀ ਕੀਤੀ। ਇਸ ਵਿੱਚ ਵੱਡੀ ਮੀਰਾ ਦਾ ਕਿਰਦਾਰ ਮੋਲੀਨਾ ਸਿੰਘ ਨੇ ਤੇ ਛੋਟੀ ਮੀਰਾ ਦਾ ਕਿਰਦਾਰ ਪ੍ਰੇਰਣਾ ਨੇ ਟਰੁੱਪ ਲੀਡਰ ਗਗਨ ਤਿਵਾੜੀ ਤੇ ਕੋਰੀਓਗ੍ਰਾਫ਼ਰ ਰਾਜ ਕੁਮਾਰ ਸ਼ਰਮਾ ਦੀ ਦੇਖ ਰੇਖ ਹੇਠ ਪੇਸ਼ ਕੀਤਾ। ਕੋਈ ਨਹੀਂ ਜਗਤ ਮੇ ਤੇਰਾ ਰੇ, ਚੁਨਰੀ ਮੇਰੀ ਰੰਗ ਡਾਲੀ, ਮਾਈ ਮੋਹੇ ਸੁਪਨੇ ਮੇ ਗੋਪਾਲ, ਐਸੇ ਵਰ ਕੋ ਕਿਆ ਵਰੀਏ ਆਦਿ ਕਈ ਮੀਰਾ ਦੇ ਭਜਨਾਂ ‘ਤੇ ਸ਼ਾਨਦਾਰ ਨ੍ਰਿਤ ਦੀ ਪੇਸ਼ਕਾਰੀ ਕੀਤੀ।
ਇਸ ਤੋਂ ਬਾਅਦ ਵਿਸ਼ਵ ਵਿਖਿਆਤ ਸਿਤਾਰ ਵਾਦਕ ਪੰਡਿਤ ਰਵੀ ਸ਼ੰਕਰ ਦੇ ਸ਼ਾਗਿਰਦ ਪੰਡਿਤ ਸੁਭੇਂਦਰ ਰਾਓ ਤੇ ਭਾਰਤੀ ਸਾਸ਼ਤਰੀ ਸੰਗੀਤ ਨਾਲ ਪਿਆਰ ਕਰਨ ਵਾਲੀ ਵਿਧੁਸ਼ੀ ਸਸਕਿਆ ਰਾਓ ਨੇ ਸਿਤਾਰ ਤੇ ਸੈਲੋ ਦੀ ਸ਼ਾਨਦਾਰ ਜੁਗਲਬੰਦੀ ਪੇਸ਼ ਕੀਤੀ। ਇਨ੍ਹਾਂ ਦੇ ਨਾਲ ਤਬਲਾ ਸੰਗਤ ਪੰਡਿਤ ਕ੍ਰਿਸ਼ਨ ਮਹਾਰਾਜ ਦੇ ਸ਼ਾਗਿਰਦ ਤੇ ਨਾਤੀ ਸ਼ੁਭ ਮਹਾਰਾਜ ਨੇ ਕੀਤੀ। ਪੰਡਿਤ ਸੁਭੇਂਦਰ ਰਾਓ ਤੇ ਵਿਧੁਸ਼ੀ ਸਸਕਿਆ ਰਾਓ ਨੇ ਸਿਤਾਰ ਤੇ ਸੈਲੋ ਡਿਊਟ ਨਾਲ ਰਾਗ ਜਨਸੰਮੋਹਿਨੀ ਤੋਂ ਸ਼ੁਰੂ ਕਰਕੇ ਅਲਾਪ, ਜੋੜ, ਝਾਲਾ ਤੇ ਝਾਪ ਤਾਲ ਸਮੇਤ ਰਾਗ ਮਿਸ਼ਰ ਪੀਲੂ, ਵਿਲੰਬਿਤ ਅਤੇ ਦਰੁਤ ਤੀਨ ਤਾਲ ਦੀ ਵਿਲੱਖਣ ਪੇਸ਼ਕਾਰੀ ਕੀਤ। ਇਸ ਦੌਰਾਨ ਉਘੀ ਸ਼ਾਸਤਰੀ ਗਾਇਕਾ ਪ੍ਰੋ. ਡਾ. ਨਿਵੇਦਿਤਾ ਸਿੰਘ ਨੇ ਮੰਚ ਸੰਚਾਲਨ ਕੀਤਾ ਅਤੇ ਕਲਾਕਾਰਾਂ ਦੀ ਜਾਣ-ਪਛਾਣ ਕਰਵਾਈ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਕਰਵਾਏ ਜਾ ਰਹੇ ਇਸ ਵਿਰਾਸਤੀ ਉਤਸਵ ਦਾ ਮਕਸਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵੱਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣਾ ਹੈ। ਉਨ੍ਹਾਂ ਨੇ ਸਮੂਹ ਪਟਿਆਲਵੀਆਂ ਨੂੰ ਮਿਤੀ 3 ਫਰਵਰੀ ਦੀ ਸ਼ਾਮ ਨੂੰ ਵੀ ਇਸ ਦਾ ਆਨੰਦ ਮਾਣਨ ਦਾ ਸੱਦਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਸੰਗੀਤ ਦੇ ਵਿਦਿਆਰਥੀ ਅਤੇ ਪਟਿਆਲਵੀ ਪੁੱਜੇ ਹੋਏ ਸਨ, ਜਿਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਇਸ ਸਮਾਰੋਹ ਦੀ ਸ਼ਲਾਘਾ ਕੀਤੀ।