Road safety

ਪਟਿਆਲਾ: ਸੜਕ ਸੁਰੱਖਿਆ ਸਿਖਲਾਈ ਮੌਕੇ ਸੜਕ ਹਾਦਸਿਆਂ ‘ਚ ਮੌਤਾਂ ਦੀ ਦਰ ਘੱਟੋ-ਘੱਟ 50 ਫੀਸਦੀ ਘਟਾਉਣ ‘ਤੇ ਜੋਰ

ਪਟਿਆਲਾ, 28 ਅਕਤੂਬਰ 2023: ਸੜਕ ਸੁਰੱਖਿਆ (Road safety) ਅਤੇ ਟ੍ਰੈਫਿਕ ਪ੍ਰਬੰਧਨ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਲਈ ਇੱਕ ਵਿਆਪਕ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਟਰੇਨਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਭਰ ਵਿੱਚ ਸੜਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਅਭਿਆਸਾਂ ਨੂੰ ਵਧਾਉਣ ਲਈ ਇਹ ਸਮੂਹਿਕ ਉਪਰਾਲਾ ਕੀਤਾ ਗਿਆ ਹੈ। ਇਸ ਦੌਰਾਨ ਪਟਿਆਲਾ, ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਤੋਂ ਟ੍ਰੈਫਿਕ ਪੁਲਿਸ, ਲੋਕ ਨਿਰਮਾਣ, ਸਥਾਨਕ ਸਰਕਾਰਾਂ, ਟਰਾਂਸਪੋਰਟ, ਸਿਹਤ ਅਤੇ ਪਰਿਵਾਰ ਭਲਾਈ, ਸਕੂਲ ਸਿੱਖਿਆ, ਪੰਜਾਬ ਮੰਡੀ ਬੋਰਡ, ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਨੁਮਾਇੰਦੇ ਸ਼ਾਮਲ ਹੋਏ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਹ ਸਿਖਲਾਈ ਦੀ ਪਹਿਲਕਦਮੀ, ਸੜਕ ਸੁਰੱਖਿਆ ਬਾਰੇ ਸੁਪਰੀਮ ਕੋਰਟ ਕਮੇਟੀ (ਐਸਸੀਸੀਓਆਰਐਸ) ਦੇ ਨਿਰਦੇਸ਼ਾਂ ਤਹਿਤ ਸੜਕ ਸੁਰੱਖਿਆ (Road safety) ਬਾਰੇ ਲੀਡ ਏਜੰਸੀ, ਪੀਐਸਆਰਐਸਸੀ ਵੱਲੋਂ ਉਲੀਕੀ ਗਈ ਸੜਕ ਸੁਰੱਖਿਆ ਉਪਾਵਾਂ ਬਾਰੇ ਜ਼ਿਲ੍ਹਾ ਪੱਧਰੀ ਸਿਖਲਾਈ ਦੀ ਤਜਵੀਜ ਦੇ ਇੱਕ ਹਿੱਸੇ ਵਜੋਂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਦਾ ਮੰਤਵ ਸੜਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਸੁਚਾਰੂ ਢੰਗ ਨਾਲ ਇੱਕ ਸਮੂਹਿਕ ਯਤਨ ਵਜੋਂ ਨੇਪਰੇ ਚਾੜਨਾ ਹੈ ਤਾਂ ਕਿ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਘੱਟੋ-ਘੱਟ 50 ਫੀਸਦੀ ਤੱਕ ਘਟਾਉਣ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ।

ਇਸ ਮੌਕੇ ਥਾਪਰ ਯੂਨੀਵਰਸਿਟੀ ਤੋਂ ਡਾ. ਤਨੁਜ ਚੋਪੜਾ ਨੇ ਸੜਕ ਸੁਰੱਖਿਆ ਦੇ ਇੰਜਨੀਅਰਿੰਗ ਪਹਿਲੂਆਂ ਦੀ ਜਾਣਕਾਰੀ ਪ੍ਰਦਾਨ ਕੀਤੀ, ਅਤੇ ਸੜਕ ਸੁਰੱਖਿਆ ਆਡਿਟ ਦੀ ਮਹੱਤਤਾ ਅਤੇ ਹਾਦਸਿਆਂ ਦੇ ਮੂਲ ਕਾਰਨਾਂ ਦੇ ਵਿਸ਼ਲੇਸ਼ਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਾਦਸਿਆਂ ਵਿੱਚ ਯੋਗਦਾਨ ਪਾਉਣ ਵਾਲੇ ਸੰਭਾਵੀ ਕਾਰਕ ਵਜੋਂ ਹਾਈਵੇਅ ‘ਤੇ ਗਲਤ ਜਿਓਮੈਟ੍ਰਿਕ ਡਿਜ਼ਾਈਨ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਰੋਡ ਸੇਫਟੀ ਇੰਜੀਨੀਅਰ ਸ਼ਵਿੰਦਰ ਕੌਰ ਬਰਾੜ ਨੇ ਦੱਸਿਆ ਕਿ ਭਾਗੀਦਾਰਾਂ ਨੂੰ ਸੜਕ ਸੁਰੱਖਿਆ ਸੰਬੰਧੀ ਚਿੰਤਾਵਾਂ ਦੇ ਸੰਪੂਰਨ ਸਪੈਕਟ੍ਰਮ ਨੂੰ ਸੰਬੋਧਿਤ ਕਰਦੇ ਹੋਏ, ਟ੍ਰੈਫਿਕ ਪ੍ਰਬੰਧਨ, ਸੁਰੱਖਿਅਤ ਵਾਹਨ, ਟ੍ਰੈਫਿਕ ਨਿਯਮਾਂ, ਡਰਾਈਵਿੰਗ ਲਾਇਸੈਂਸ, ਅਤੇ ਇਨਫੋਰਸਮੈਂਟ ਪ੍ਰੋਟੋਕੋਲ ਬਾਰੇ ਸਿੱਖਿਅਤ ਕੀਤਾ ਗਿਆ ਸੀ।

ਇਸ ਦੌਰਾਨ ਵੱਖ-ਵੱਖ ਸੜਕ ਸੁਰੱਖਿਆ ਵਿਸ਼ਿਆਂ ‘ਤੇ ਵਿਆਪਕ ਸਿਖਲਾਈ ਕਰਵਾਈ ਗਈ, ਜਿਸ ਵਿੱਚ ਸੜਕ ਸੁਰੱਖਿਆ ਦੇ ਇੰਜਨੀਅਰਿੰਗ ਢੰਗ, ਸ਼ਹਿਰੀ ਅਤੇ ਪੇਂਡੂ ਹਾਈਵੇਅਜ ਲਈ ਸੜਕ ਸੁਰੱਖਿਆ ਇੰਜੀਨੀਅਰਿੰਗ ਦੇ ਪਹਿਲੂ, ਜਿਓਮੈਟ੍ਰਿਕ ਡਿਜ਼ਾਈਨ, ਸੰਕੇਤ, ਮਾਰਕਿੰਗ, ਸਟ੍ਰੀਟ ਫਰਨੀਚਰ, ਚੌਰਾਹੇ, ਗੋਲ ਚੱਕਰ, ਕਰੈਸ਼ ਬੈਰੀਅਰ ਅਤੇ ਟ੍ਰੈਫਿਕ ਕੈਲਮਿੰਗ ਸ਼ਾਮਲ ਹਨ।

ਇਸ ਤੋਂ ਇਲਾਵਾ ਸੜਕ ਸੁਰੱਖਿਆ ਬਾਰੇ ਸੁਪਰੀਮ ਕੋਰਟ ਦੁਆਰਾ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਸਮੇਤ ਸੜਕ ਸੁਰੱਖਿਆ ਦੇ ਸੰਦਰਭ ਵਿੱਚ ਸੜਕ ਸੁਰੱਖਿਆ ਆਡਿਟ ਅਤੇ ਐਮਰਜੈਂਸੀ ਦੇਖਭਾਲ ਦੀ ਵਿਆਪਕ ਯੋਜਨਾ, ਜਿਸ ਵਿੱਚ ਪ੍ਰੀ-ਹਸਪਤਾਲ ਦੇਖਭਾਲ, ਨਿਸ਼ਚਿਤ ਦੇਖਭਾਲ ਕੇਂਦਰ, ਮੁਢਲੀ ਸਹਾਇਤਾ, ਟੈਲੀਮੇਡੀਸਨ, ਬੁਨਿਆਦੀ ਢਾਂਚਾ, ਸਰੋਤ, ਅਤੇ ਸਥਾਨਿਕ ਡੇਟਾਬੇਸ ਦੀ ਵਰਤੋਂ ‘ਤੇ ਚਰਚਾ ਸ਼ਾਮਲ ਸੀ।

ਇਸ ਮੌਕੇ ਐਚ.ਪੀ.ਐਸ. ਲਾਂਬਾ, ਰਵੀ ਆਹਲੂਵਾਲੀਆ ਸਮੇਤ ਪੁਲਿਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਸਿਖਲਾਈ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਯੋਗਦਾਨ ਪਾਇਆ।

Scroll to Top