ਪਾਤੜਾਂ, 27 ਸਤੰਬਰ 2025: ਪਟਿਆਲਾ ਜ਼ਿਲ੍ਹੇ ਦੇ ਸ਼ਹਿਰ ਪਾਤੜਾਂ ਦੀ ਪ੍ਰਤਿਭਾ ਪ੍ਰਿਯੰਸ਼ੀ ਨੇ ਆਪਣੇ ਅਦਭੁੱਤ ਅਕਾਦਮਿਕ ਕਾਬਲੀਅਤ ਅਤੇ ਦ੍ਰਿੜ੍ਹ ਮਿਹਨਤ ਦੇ ਆਧਾਰ ‘ਤੇ ਵੱਡੀ ਉਪਲਬੱਧੀ ਹਾਸਲ ਕੀਤੀ ਹੈ। ਪ੍ਰਿਯੰਸ਼ੀ ਨੇ ਹਿਮਾਚਲ ਪ੍ਰਦੇਸ਼ ਲੋਕ ਸੇਵਾ ਕਮਿਸ਼ਨ (HPPSC) ਵੱਲੋਂ 26 ਸਤੰਬਰ ਨੂੰ ਐਲਾਨੇ ਹਿਮਾਚਲ ਪ੍ਰਦੇਸ਼ ਜੁਡੀਸ਼ਲ ਸਰਵਿਸ (HPJS) ਦੇ ਅੰਤਿਮ ਨਤੀਜਿਆਂ ‘ਚ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਵਜੋਂ ਆਪਣੀ ਜਗ੍ਹਾ ਬਣਾਈ ਹੈ।
ਇਸ ਪ੍ਰਤਿਯੋਗੀ ਪ੍ਰੀਖਿਆ ‘ਚ ਕੁੱਲ 19 ਉਮੀਦਵਾਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ‘ਚ ਪ੍ਰਿਯੰਸ਼ੀ ਦੀ ਸ਼ਮੂਲੀਅਤ ਉਸਦੇ ਪਰਿਵਾਰ ਅਤੇ ਪਾਤੜਾਂ ਇਲਾਕੇ ਲਈ ਮਾਣ ਵਾਲੀ ਗੱਲ ਹੈ |
ਪਿੰਡ ਰੇਤਗੜ੍ਹ ‘ਚ ਜਨਮੀ ਪ੍ਰਿਯੰਸ਼ੀ ਸਨਸਿਟੀ ਕਾਲੋਨੀ, ਪਾਤੜਾਂ ‘ਚ ਰਹਿੰਦੀ ਹੈ, ਪ੍ਰਿਯੰਸ਼ੀ ਕਾਰੋਬਾਰੀ ਸਰਜੀਵਨ ਕੁਮਾਰ ਅਤੇ ਸ੍ਰੀਮਤੀ ਸਰੋਜ ਬੰਸਲ ਦੀ ਧੀ ਹੈ। ਪ੍ਰਿਯੰਸ਼ੀ ਨੇ ਦਸਵੀਂ ਕਲਾਸ ਡੀ.ਏ.ਵੀ. ਪਬਲਿਕ ਸਕੂਲ, ਸਮਾਣਾ ਤੋਂ 10 ਸੀ.ਜੀ.ਪੀ.ਏ. ਅਤੇ 12ਵੀਂ ਕਲਾਸ (ਕਾਮਰਸ) –ਬੁੱਢਾ ਦਲ ਪਬਲਿਕ ਸਕੂਲ ਸਮਾਣਾ ਤੋਂ 95.4 ਫੀਸਦੀ ਅੰਕ ਨਾਲ ਪਾਸ ਕੀਤੀ|
ਇਸਦੇ ਨਾਲ ਹੀ ਪ੍ਰਿਯੰਸ਼ੀ ਨੇ ਕਾਨੂੰਨੀ ਡਿਗਰੀ (LLB) ਆਰਮੀ ਇੰਸਟੀਚਿਊਟ ਆਫ਼ ਲਾਅ, ਮੋਹਾਲੀ ਤੋਂ 2024 ‘ਚ 82.02 ਫੀਸਦੀ ਅੰਕ ਨਾਲ ਪਾਸ ਕੀਤੀ | ਕਾਨੂੰਨੀ ਡਿਗਰੀ ਪੂਰੀ ਕਰਦੇ ਹੀ HPJS ਦੀ ਪ੍ਰੀਖਿਆ ‘ਚ ਉਸਦੀ ਸਿੱਧੀ ਚੋਣ ਉਸਦੀ ਅਸਾਧਾਰਣ ਯੋਗਤਾ ਅਤੇ ਲਗਨ ਦਾ ਪ੍ਰਮਾਣ ਹੈ।
ਪ੍ਰਿਯੰਸ਼ੀ ਦੀ ਇਸ ਵੱਡੀ ਉਪਲਬੱਧੀ ‘ਤੇ ਉਸਦਾ ਪਰਿਵਾਰ ਬੇਹੱਦ ਖੁਸ਼ ਹੈ। ਉਹ ਪਾਤੜਾਂ ਸ਼ਹਿਰ ਦੇ ਸੀਨੀਅਰ ਕਾਂਗਰਸੀ ਆਗੂ ਪਵਨ ਕੁਮਾਰ ਪਟਵਾਰੀ ਦੇ ਸਾਲੇ ਦੀ ਬੇਟੀ ਵੀ ਹੈ। ਉਸਦੀ ਸਫਲਤਾ ਨਾਲ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਪਾਤੜਾਂ ਹਲਕੇ ਦਾ ਨਾਮ ਰੌਸ਼ਨ ਹੋਇਆ ਹੈ। ਸਿਵਲ ਜੱਜ ਵਜੋਂ ਪ੍ਰਿਯੰਸ਼ੀ ਦਾ ਮੁੱਖ ਲਕਸ਼ ਨਿਆਂ ਪ੍ਰਣਾਲੀ ‘ਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣਾ ਅਤੇ ਸਮਾਜ ‘ਚ ਨਿਆਂ ਤੇ ਸੱਚਾਈ ਨੂੰ ਹੋਰ ਮਜ਼ਬੂਤ ਕਰਨਾ ਹੈ। ਪ੍ਰਿਯੰਸ਼ੀ ਦੀ ਇਹ ਸਫਲਤਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਲਈ ਇੱਕ ਪ੍ਰੇਰਣਾ ਸਰੋਤ ਹੈ।
Read More: ਸਿਮਰਪ੍ਰੀਤ ਕੌਰ ਨੇ ਪਟਿਆਲਾ ਦੇ ADC ਵਜੋਂ ਅਹੁਦਾ ਸੰਭਾਲਿਆ
 
								 
								 
								 
								



