ਪਟਿਆਲਾ: ਅੱਖਾਂ ‘ਚ ਮਿਰਚਾਂ ਪਾ ਕੇ ਨਕਾਬਪੋਸ਼ ਨੋਟਾਂ ਨਾਲ ਭਰਿਆ ਬੈਗ ਖੋਹ ਕੇ ਹੋਏ ਫ਼ਰਾਰ

ਚੰਡੀਗੜ੍ਹ, 06 ਸਤੰਬਰ 2023: ਪਟਿਆਲਾ ਦੇ ਪਾਤੜਾਂ ‘ਚ ਗੈਸ ਏਜੰਸੀ ਮਾਲਕ ਦੇ ਭਤੀਜੇ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ 3 ਨਕਾਬਪੋਸ਼ ਨੋਟਾਂ ਨਾਲ ਭਰਿਆ ਬੈਗ ਖੋਹ ਕੇ (snatching) ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਿਟੀ ਦੇ ਇੰਚਾਰਜ ਜਸਵੰਤ ਸਿੰਘ ਟੀਮ ਸਮੇਤ ਮੌਕੇ ’ਤੇ ਪੁੱਜੇ। ਪੀੜਤਾ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ, ਜਿਸ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਤੇਜ਼ ਕਰਦਿਆਂ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਨੇੜੇ ਸਥਿਤ ਐਚਪੀ ਗੈਸ ਏਜੰਸੀ ਅਤੇ ਸਿੰਗਲਾ ਬਰਤਨ ਸਟੋਰ ਦੇ ਮਾਲਕ ਪੁਰਸ਼ੋਤਮ ਸਿੰਗਲਾ ਦਾ ਭਤੀਜਾ ਟੋਨੀ ਆਪਣੇ ਕੰਮ ਵਾਲੀ ਕਾਰ ਛੱਡ ਕੇ ਘਰ ਜਾ ਰਿਹਾ ਸੀ। ਇਸੇ ਦੌਰਾਨ ਤੁਲਸੀ ਨਗਰ ਵਿੱਚ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ਾਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਕੋਲੋਂ ਬੈਗ ਖੋਹ (snatching) ਲਿਆ ਅਤੇ ਫ਼ਰਾਰ ਹੋ ਗਏ।

ਉਨ੍ਹਾਂ ਕਿਹਾ ਕਿ ਬੈਗ ਵਿਚ ਨਕਦੀ ਦੇ ਨਾਲ-ਨਾਲ ਚੈੱਕ ਬੁੱਕ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਉਨ੍ਹਾਂ ਕਿਹਾ ਕਿ ਉਹ ਅਕਸਰ ਘਰ-ਘਰ ਜਾ ਕੇ ਪੂਰੇ ਹਿਸਾਬ-ਕਿਤਾਬ ਦਾ ਮਿਲਾਨ ਕਰਵਾ ਲੈਂਦੇ ਹਨ, ਇਸ ਲਈ ਚੋਰੀ ਵਿਚ ਹੋਏ ਨੁਕਸਾਨ ਦਾ ਸਹੀ ਅੰਦਾਜ਼ਾ ਲੇਖਾ-ਜੋਖਾ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ |

Scroll to Top