June 30, 2024 9:50 pm
Patiala

ਪਟਿਆਲਾ: ਪਿਛਲੇ ਸਾਲ ਨਾਲੋਂ 2 ਲੱਖ 55 ਹਜ਼ਾਰ 433 ਮੀਟਰਕ ਟਨ ਵੱਧ ਕਣਕ ਮੰਡੀਆਂ ‘ਚ ਪੁੱਜੀ: DC ਸਾਕਸ਼ੀ ਸਾਹਨੀ

ਪਟਿਆਲਾ, 03 ਮਈ 2023: ਦ੍ਰਿੜ ਇਰਾਦਾ ਅਤੇ ਮਿਹਨਤ ਮੁਰਝਾਏ ਚਿਹਰਿਆਂ ‘ਤੇ ਵੀ ਰੌਣਕ ਲਿਆ ਦਿੰਦੀ ਹੈ। ਪਟਿਆਲਾ (Patiala) ਜ਼ਿਲ੍ਹੇ ਦੇ ਕਿਸਾਨਾਂ ਨੇ ਇਹ ਸਾਬਤ ਕੀਤਾ ਹੈ । ਫਸਲਾਂ ਦੇ ਖਰਾਬੇ ਦੇ ਬਾਵਜੂਦ ਇਸ ਵਾਰ ਪਿਛਲੇ ਸਾਲ ਨਾਲੋਂ 2 ਲੱਖ 55 ਹਜ਼ਾਰ 433 ਮੀਟਰਕ ਟਨ ਕਣਕ ਦੀ ਵੱਧ ਪੈਦਾਵਾਰ ਹੋਈ, ਜਿਸ ਨਾਲ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਦਿਖਾਈ ਦੇ ਰਹੀ ਹੈ।

ਡਿਪਟੀ ਕਮਿਸ਼ਨਰ (Patiala) ਸਾਕਸ਼ੀ ਸਾਹਨੀ ਨੇ ਦੱਸਿਆ ਕਿ ਬੀਤੇ ਦਿਨ ਤੱਕ 8 ਲੱਖ 79 ਹਜ਼ਾਰ 903 ਮੀਟਰਕ ਕਣਕ ਦੀ ਆਮਦ ਹੋਈ ਅਤੇ ਸਾਰੀ ਕਣਕ ਵੱਖ-ਵੱਖ ਖਰੀਦ ਏਜੰਸੀਆਂ ਵਲੋਂ ਨਿਰਵਿਘਨ ਖਰੀਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਵਲੋਂ 2 ਲੱਖ 91 ਹਜ਼ਾਰ 216, ਮਾਰਕਫੈਡ ਵਲੋਂ 2 ਲੱਖ 13 ਹਜ਼ਾਰ 15, ਪਨਸਪ ਵਲੋਂ 1 ਲੱਖ 96 ਹਜ਼ਾਰ 313, ਵੇਅਰਹਾਊਸ ਵਲੋਂ 1 ਲੱਖ 56 ਹਜ਼ਾਰ 577 ਅਤੇ ਪ੍ਰਾਈਵੇਟ ਵਪਾਰੀਆਂ ਵਲੋਂ 22 ਹਜ਼ਾਰ 782 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 6 ਲੱਖ 24 ਹਜ਼ਾਰ 470 ਮੀਟਰਕ ਟਨ ਕਣਕ ਦੀ ਆਮਦ ਹੋਈ ਸੀ, ਜਿਸ ਹਿਸਾਬ ਨਾਲ ਇਸ ਸਾਲ 2 ਲੱਖ 55 ਹਜ਼ਾਰ 433 ਮੀਟਰਕ ਟਨ ਵੱਧ ਕਣਕ ਵਿੱਚ ਵਿੱਚ ਪੁੱਜੀ ਹੈ। ਉਨ੍ਹਾਂ ਕਿਹਾ ਕਿ ਖਰੀਦੀ ਗਈ ਕਣਕ ਦੀ 1848.22 ਕਰੋੜ ਰੁਪਏ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅਧਿਕਾਰੀਆਂ ਅਤੇ ਖਰੀਦ ਏਜੰਸੀਆਂ ਨਾਲ ਮੀਟਿੰਗ ਕਰਕੇ ਲਿਫ਼ਟਿੰਗ ਦੇ ਕੰਮ ‘ਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਵੀ ਕੀਤੀ।

ਸਾਕਸ਼ੀ ਸਾਹਨੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੇ ਨਾੜ/ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ, ਕਿਉਂਕਿ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਜ਼ਮੀਨ ਵਿਚਲੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜ਼ਮੀਨ ਦੀ ਸਿਹਤ ਨਰੋਈ ਰੱਖਣ ਲਈ ਨਾੜ ਨੂੰ ਅੱਗ ਨਾ ਲਗਾਕੇ ਆਧੁਨਿਕ ਖੇਤੀ ਦਾ ਰਾਹ ਸਮੇਂ ਦੀ ਮੁੱਖ ਲੋੜ ਹੈ।