Election expenditure

ਲੋਕ ਸਭਾ ਚੋਣ ਪ੍ਰਚਾਰ ਦੌਰਾਨ ਪਾਰਟੀਆਂ ਤੇ ਉਮੀਦਵਾਰ ਸਰਕਾਰੀ ਰੈਸਟ ਹਾਊਸ ਦੀ ਵਰਤੋਂ ਨਹੀਂ ਕਰ ਸਕਣਗੇ: ਅਨੁਰਾਗ ਅਗਰਵਾਲ

ਚੰਡੀਗੜ੍ਹ, 7 ਮਈ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ  (Anurag Aggarwal) ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਕਾਰਨ ਸੱਤਾਧਾਰੀ ਪਾਰਟੀ ਜਾਂ ਉਸਦੇ ਉਮੀਦਵਾਰਾਂ ਦਾ ਸਰਕਾਰੀ ਰੈਸਟ ਹਾਊਸ, ਡਾਕ ਬੰਗਲੇ ਜਾਂ ਹੋਰ ਸਰਕਾਰੀ ਰਿਹਾਇਸ਼ੀ ਕੰਪਲੈਕਸਾਂ ਦੀ ਵਰਤੋਂ ਕਰਨ ਦਾ ਏਕਾਧਿਕਾਰ ਨਹੀਂ ਰਹੇਗਾ। ਅਜਿਹੇ ਅਹਾਤੇ ਦੀ ਵਰਤੋਂ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਨਿਰਪੱਖਤਾ ਨਾਲ ਕੀਤੀ ਜਾ ਸਕਦੀ ਹੈ।

ਅਗਰਵਾਲ ਨੇ ਕਿਹਾ ਕਿ ਲੋਕ ਸਭਾ 2024 ਦੀਆਂ ਆਮ ਚੋਣਾਂ ਜਾਂ ਕਿਸੇ ਵੀ ਕਿਸਮ ਦੀ ਚੋਣ ਸਬੰਧੀ ਬੈਠਕ ਲਈ ਅਜਿਹੇ ਸਰਕਾਰੀ ਸਥਾਨਾਂ ਨੂੰ ਚੋਣ ਪ੍ਰਚਾਰ ਦਫ਼ਤਰ ਵਜੋਂ ਨਹੀਂ ਵਰਤਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਟ ਹਾਊਸ ਅਤੇ ਡਾਕ ਬੰਗਲਾ ਆਰਜ਼ੀ ਠਹਿਰਣ ਲਈ ਹੀ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਇਨ੍ਹਾਂ ਕੰਪਲੈਕਸਾਂ ਦੇ ਅੰਦਰ ਕੋਈ ਰਸਮੀ ਜਾਂ ਗੈਰ ਰਸਮੀ ਮੀਟਿੰਗ ਨਹੀਂ ਕੀਤੀ ਜਾ ਸਕਦੀ, ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਜਾਵੇਗਾ।

ਉਨ੍ਹਾਂ (Anurag Aggarwal)  ਕਿਹਾ ਕਿ ਜਿਸ ਵਿਅਕਤੀ ਨੂੰ ਕੰਪਲੈਕਸ ਵਿੱਚ ਕਮਰਾ ਅਲਾਟ ਕੀਤਾ ਗਿਆ ਹੈ, ਉਸ ਨੂੰ ਦੋ ਤੋਂ ਵੱਧ ਵਾਹਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਵਿਅਕਤੀ ਵੱਲੋਂ ਜ਼ਿਆਦਾ ਵਾਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਰੈਸਟ ਹਾਊਸ ਦੇ ਅੰਦਰ ਵਾਹਨ ਜ਼ਬਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇੱਕ ਵਿਅਕਤੀ ਨੂੰ 48 ਘੰਟਿਆਂ ਤੋਂ ਵੱਧ ਕਮਰੇ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ, ਹਾਲਾਂਕਿ, ਅਜਿਹੇ ਅਹਾਤੇ ਨੂੰ ਕਿਸੇ ਵੀ ਖੇਤਰ ਵਿੱਚ ਪੋਲਿੰਗ ਦੀ ਮਿਤੀ ਦੇ ਨੇੜੇ 48 ਘੰਟਿਆਂ ਲਈ ਫ੍ਰੀਜ਼ ਕੀਤਾ ਜਾਵੇਗਾ।

ਚੋਣ ਕਮਿਸ਼ਨ ਅਨੁਸਾਰ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਿਆਸੀ ਪਾਰਟੀਆਂ ਦਿੱਲੀ ਵਿੱਚ ਚੋਣ ਸਬੰਧੀ ਗਤੀਵਿਧੀਆਂ ਲਈ ਕਈ ਤਰ੍ਹਾਂ ਦੇ ਸਰਕਾਰੀ ਰੈਸਟ ਹਾਊਸਾਂ, ਇਮਾਰਤਾਂ ਜਾਂ ਘਰਾਂ ਦੀ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਕਮਿਸ਼ਨ ਨੇ ਫੈਸਲਾ ਕੀਤਾ ਹੈ ਕਿ ਅਜਿਹੇ ਅਹਾਤੇ ਨੂੰ ਕਿਸੇ ਵੀ ਸਿਆਸੀ ਗਤੀਵਿਧੀਆਂ ਲਈ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦਿੱਲੀ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਰੈਜ਼ੀਡੈਂਟ ਕਮਿਸ਼ਨਰ ਅਤੇ ਸੰਪਰਕ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਚੋਣ ਪ੍ਰਕਿਰਿਆ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਨਾ ਹੋਵੇ।

Scroll to Top