ਚੰਡੀਗੜ੍ਹ, 08 ਜੁਲਾਈ 2023: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਬਹੁਚਰਚਿਤ ਸਕੂਲ ਆਫ਼ ਐਮੀਨੈਂਸ ਸਕੀਮ (School of Eminence) ਨਿਖੇਧੀ ਕਰਦਿਆਂ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਕਿਹਾ ਕਿ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਨੁਕਸਦਾਰ ਅਤੇ ਗ਼ਲਤ ਤਰੀਕੇ ਨਾਲ ਤਿਆਰ ਦਿਸ਼ਾ-ਨਿਰਦੇਸ਼ਾਂ ਕਾਰਨ ਇਸ ਯੋਜਨਾ ਦਾ ਲਾਭ ਲੈਣ ਵਿੱਚ ਅਸਫਲ ਰਹਿਣਗੇ।
“ਪੰਜਾਬ ਦੇ ਸਿੱਖਿਆ ਮੰਤਰੀ, ਹਰਜੋਤ ਸਿੰਘ ਬੈਂਸ ਨੂੰ ਆਪਣੇ ਆਰਾਮਦੇਹ ਖੇਤਰ ਤੋਂ ਬਾਹਰ ਆਉਣਾ ਚਾਹੀਦਾ ਹੈ ਅਤੇ ਇਸ ਮੁੱਦੇ ‘ਤੇ ਧਿਆਨ ਦੇਣਾ ਚਾਹੀਦਾ ਹੈ। ਦਿਸ਼ਾ-ਨਿਰਦੇਸ਼ਾਂ ਨੂੰ ਸਰਲ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਵਧੇਰੇ ਯੋਗ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ”, ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ 11ਵੀਂ ਜਮਾਤ ਵਿਚ ਦਾਖ਼ਲੇ ਸਬੰਧੀ ਹਦਾਇਤਾਂ ਅਨੁਸਾਰ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਹਿਊਮੈਨਟੀਜ਼ ਸਮੇਤ ਹਰ ਸਟ੍ਰੀਮ ਦਾ ਹਰੇਕ ਸਕੂਲ ਵਿਚ ਇੱਕ-ਇੱਕ ਸੈਕਸ਼ਨ ਹੋਵੇਗਾ। ਇੱਕ ਸੈਕਸ਼ਨ ਵਿੱਚ 32 ਤੋਂ ਵੱਧ ਵਿਦਿਆਰਥੀਆਂ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਜੇ ਉਸ ਸਟਰੀਟ ਦੇ ਵਿਦਿਆਰਥੀ 10 ਤੋਂ ਘੱਟ ਰਹਿੰਦੇ ਹਨ ਤਾਂ ਇੱਕ ਸਟ੍ਰੀਮ ਸ਼ੁਰੂ ਨਹੀਂ ਕੀਤੀ ਜਾਵੇਗੀ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇਸੇ ਤਰਾਂ, ਹਰੇਕ ਸਕੂਲ ਆਫ਼ ਐਮੀਨੈਂਸ ਵਿੱਚ, 9ਵੀਂ ਜਮਾਤ ਵਿੱਚ 36 ਵਿਦਿਆਰਥੀਆਂ ਦਾ ਇੱਕ ਸੈਕਸ਼ਨ ਹੋਵੇਗਾ।”
“ਸਕੂਲ ਆਫ਼ ਐਮੀਨੈਂਸ” (School of Eminence) ਦਾ ਉਦੇਸ਼ ਪ੍ਰਤਿਭਾਸ਼ਾਲੀ ਦਿਮਾਗ਼, ਖ਼ਾਸ ਕਰ ਕੇ ਉਨ੍ਹਾਂ ਲੋਕਾਂ ਨੂੰ ਜੋ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਸਬੰਧ ਰੱਖਦੇ ਹਨ, ਨੂੰ ਮਿਆਰੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ। ਹਾਲਾਂਕਿ, ਅਜਿਹੇ ਗ਼ਲਤ ਢੰਗ ਨਾਲ ਤਿਆਰ ਅਤੇ ਨੁਕਸਦਾਰ ਦਿਸ਼ਾ-ਨਿਰਦੇਸ਼ਾਂ ਨਾਲ ਜ਼ਿਆਦਾਤਰ ਵਿਦਿਆਰਥੀ, ਜੋ ਮਿਆਰੀ ਸਿੱਖਿਆ ਦੇ ਹੱਕਦਾਰ ਹਨ, ਇਸ ਯੋਜਨਾ ਦਾ ਲਾਭ ਨਹੀਂ ਲੈ ਸਕਣਗੇ”, ਬਾਜਵਾ ਨੇ ਅੱਗੇ ਕਿਹਾ।
ਬਾਜਵਾ ਨੇ ਕਿਹਾ ਕਿ ਲੱਗਦਾ ਹੈ ਕਿ ‘ਆਪ’ ਸਰਕਾਰ ਸਾਰੇ ਯੋਗ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ, ਇਸੇ ਲਈ ਉਹ ਅਜਿਹੀਆਂ ਹਦਾਇਤਾਂ ਨਾਲ ਵਿਦਿਆਰਥੀਆਂ ਨੂੰ ਮੂਰਖ ਬਣਾ ਰਹੇ ਹਨ। ਪੰਜਾਬ ਦੇ ਸਿੱਖਿਆ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜੇ ‘ਆਪ’ ਸੂਬੇ ਦੇ ਗ਼ਰੀਬ ਵਰਗਾਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਗੰਭੀਰ ਹੈ ਤਾਂ ਵੱਧ ਸੈਕਸ਼ਨ ਨੂੰ ਕਿਉਂ ਨਹੀਂ ਸ਼ੁਰੂ ਕੀਤਾ ਜਾ ਸਕਦਾ ਅਤੇ ਵਧੇਰੇ ਵਿਦਿਆਰਥੀਆਂ ਨੂੰ ਐਸ.ਓ.ਈ. ਵਿੱਚ ਦਾਖਲ ਕਿਉਂ ਨਹੀਂ ਕੀਤਾ ਜਾ ਸਕਦਾ।
ਇੱਕ ਬਿਆਨ ਵਿੱਚ, ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਅਸਫਲ ਦਿੱਲੀ ਸਿੱਖਿਆ ਮਾਡਲ ਦੀ ਨਕਲ ਕਰਨ ‘ਤੇ ਤੁਲੀ ਹੋਈ ਹੈ, ਜਦੋਂ ਕਿ ਕੇਂਦਰੀ ਸਿੱਖਿਆ ਮੰਤਰਾਲੇ ਦੇ ਸਾਲ 2021-22 ਦੀ ਰਿਪੋਰਟ ਲਈ ਕੇਂਦਰੀ ਸਿੱਖਿਆ ਮੰਤਰਾਲੇ ਦੇ ਪਰਫਾਰਮੈਂਸ ਗ੍ਰੇਡ ਇੰਡੈੱਕਸ (ਪੀਜੀਆਈ) ਵਿੱਚ, ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿੱਚ, ਪੰਜਾਬ ਅਤੇ ਚੰਡੀਗੜ੍ਹ ਨੂੰ ਸਿੱਖਣ ਦੇ ਨਤੀਜਿਆਂ, ਅਤੇ ਬੁਨਿਆਦੀ ਢਾਂਚਾ ਵਿੱਚ ਸਕੂਲੀ ਸਿੱਖਿਆ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਮੰਨਿਆ ਗਿਆ ਹੈ।
ਬਾਜਵਾ ਨੇ ਅੱਗੇ ਕਿਹਾ, “ਕਾਂਗਰਸ ਦੇ ਸ਼ਾਸਨ ਵਿੱਚ ਪੰਜਾਬ ਦਾ ਸਿੱਖਿਆ ਮਾਡਲ ਰਾਸ਼ਟਰੀ ਪੱਧਰ ‘ਤੇ ਸਭ ਤੋਂ ਵਧੀਆ ਰਿਹਾ ਅਤੇ ਦੋ ਵਾਰ ਪ੍ਰਮੁੱਖਤਾ ਪ੍ਰਾਪਤ ਕੀਤੀ, ਜਦੋਂ ਕਿ ‘ਆਪ’ ਸਰਕਾਰ ਦੇ ਅਧੀਨ ਦਿੱਲੀ ਦਾ ਸਿੱਖਿਆ ਮਾਡਲ ਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਕਰਨ ਵਿੱਚ ਅਸਫਲ ਰਿਹਾ। ਇਸ ਲਈ, ਪੰਜਾਬ ਸਰਕਾਰ ਨੂੰ ਦਿੱਲੀ ਦੇ ਜਾਅਲੀ ਸਿੱਖਿਆ ਮਾਡਲ ਦੀ ਪਾਲਨਾ ਕਰਨੀ ਬੰਦ ਕਰਨੀ ਚਾਹੀਦੀ ਹੈ, ਅਤੇ ਕਾਂਗਰਸ ਦੇ ਅਧੀਨ ਰਾਜ ਦੇ ਸਿੱਖਿਆ ਮਾਡਲ ਦੀਆਂ ਮਾਣਯੋਗਤਾਵਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਸੁਧਾਰਨ ਲਈ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ।”