ਚੰਡੀਗੜ੍ਹ, 16 ਅਕਤੂਬਰ 2023: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਰਾਈਸ ਮਿੱਲ ਮਾਲਕਾਂ ਦੇ ਮਸਲੇ ਹੱਲ ਕਰਨ ਲਈ ਦਖ਼ਲ ਦੇਣ ਤਾਂ ਜੋ ਸੀਜ਼ਨ ਦੇ ਸਿਖਰ ‘ਤੇ ਅਨਾਜ ਮੰਡੀ ਤੋਂ ਝੋਨੇ ਦੀ ਨਿਰਵਿਘਨ ਚੁਕਾਈ ਨੂੰ ਯਕੀਨੀ ਬਣਾਇਆ ਜਾ ਸਕੇ।
ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ (Partap Bajwa) ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਰਾਈਸ ਮਿੱਲ ਮਾਲਕਾਂ ਦੀ ਹੜਤਾਲ ਕਾਰਨ ਹੁਣ ਤੱਕ ਖ਼ਰੀਦੇ ਗਏ ਝੋਨੇ ਦਾ 65 ਫ਼ੀਸਦੀ ਤੋਂ ਵੱਧ ਹਿੱਸਾ ਮੰਡੀਆਂ ਵਿਚੋਂ ਨਹੀਂ ਚੁੱਕਿਆ ਜਾ ਸਕਿਆ ਹੈ। ਮੰਡੀਆਂ ਵਿੱਚ 14.88 ਲੱਖ ਮੀਟ੍ਰਿਕ ਟਨ ਝੋਨਾ ਪਿਆ ਹੋਇਆ ਹੈ ਅਤੇ ਚੌਲਾਂ ਦੀ ਸ਼ੈਲਿੰਗ ਯੂਨਿਟਾਂ ਨੇ ਸਰਕਾਰ ਨੂੰ ਨਵੇਂ ਖ਼ਰੀਦੇ ਗਏ ਝੋਨੇ ਨੂੰ ਆਪਣੇ ਕੰਪਲੈਕਸ ਵਿੱਚ ਸਟੋਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
“ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਬਹੁਤ ਘੱਟ ਜਗ੍ਹਾ ਹੈ। ਕਿਸਾਨਾਂ ਤੋਂ ਝੋਨੇ ਦੀ ਨਿਯਮਤ ਖ਼ਰੀਦ ਤਾਂ ਹੀ ਹੋ ਸਕਦੀ ਹੈ ਜੇ ਅਨਾਜ ਮੰਡੀਆਂ ਵਿੱਚ ਲੋੜੀਂਦੀ ਜਗ੍ਹਾ ਉਪਲਬਧ ਹੋਵੇ। ਬਾਜਵਾ ਨੇ ਕਿਹਾ ਕਿ ਸੂਬੇ ਦੇ ਕਈ ਹਿੱਸਿਆਂ ‘ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਮੰਡੀਆਂ ‘ਚ ਖੁੱਲ੍ਹੇ ਆਮ ਰੱਖੇ ਝੋਨੇ ਦੇ ਭੰਡਾਰ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਸੀਨੀਅਰ ਕਾਂਗਰਸੀ ਆਗੂ (Partap Bajwa) ਨੇ ਕਿਹਾ ਕਿ ਮੌਜੂਦਾ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਰਾਈਸ ਮਿੱਲ ਮਾਲਕਾਂ ਦੇ ਮਸਲੇ ਤੁਰੰਤ ਹੱਲ ਕਰਨੇ ਚਾਹੀਦੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਫੋਰਟੀਫਾਈਡ ਰਾਈਸ ਕਰਨਲ (ਐਫ.ਆਰ.ਕੇ.) ਮਿਸ਼ਰਤ ਚੌਲਾਂ ਨੂੰ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਸੂਬੇ ਦੇ ਰਾਈਸ ਮਿੱਲ ਮਾਲਕ ਪਿਛਲੇ ਤਿੰਨ ਦਿਨਾਂ ਤੋਂ ਹੜਤਾਲ ‘ਤੇ ਹਨ। ਮਿੱਲ ਮਾਲਕਾਂ ਦਾ ਦਾਅਵਾ ਹੈ ਕਿ ਐਫਆਰਕੇ ਦੀ ਗੁਣਵੱਤਾ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ ਜੋ ਉਨ੍ਹਾਂ ਨੂੰ ਮਿਸ਼ਰਣ ਕਰਨ ਲਈ ਮਿਲਦੀ ਹੈ (99 ਕਿਲੋ ਕਸਟਮ-ਮਿੱਲਡ ਚਾਵਲ ਵਿੱਚ 1 ਕਿਲੋ ਐਫਆਰਕੇ) ਕਿਉਂਕਿ ਐਫਆਰਕੇ ਭਾਰਤ ਸਰਕਾਰ ਦੁਆਰਾ ਸੂਚਿਤ ਨਿਰਮਾਤਾਵਾਂ ਤੋਂ ਖ਼ਰੀਦਿਆਂ ਜਾਂਦਾ ਹੈ।
ਬਾਜਵਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਆੜ੍ਹਤੀਆਂ ਦੀ ਹੜਤਾਲ ਕਾਰਨ ਸੂਬੇ ਵਿੱਚ ਝੋਨੇ ਦੀ ਖ਼ਰੀਦ ਪ੍ਰਭਾਵਿਤ ਹੋਈ ਸੀ। ਹੁਣ ਰਾਈਸ ਮਿੱਲ ਮਾਲਕਾਂ ਦੀ ਹੜਤਾਲ ਨੇ ਝੋਨੇ ਦੀ ਖ਼ਰੀਦ ਵਿੱਚ ਰੁਕਾਵਟਾਂ ਪੈਦਾ ਕਰ ਦਿੱਤੀਆਂ ਹਨ।