ਚੰਡੀਗੜ੍ਹ, 18 ਮਈ 2024: ਤਾਈਵਾਨ (Taiwan) ‘ਚ ਨਵੇਂ ਰਾਸ਼ਟਰਪਤੀ ਲਾਈ ਚਿੰਗ ਤੇ ਦੇ ਅਹੁਦਾ ਸੰਭਾਲਣ ਤੋਂ ਦੋ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਦੇਸ਼ ਦੀ ਸੰਸਦ ‘ਚ ਸੰਸਦ ਮੈਂਬਰਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ। ਇਸ ਝੜੱਪ ਦੌਰਾਨ ਸੰਸਦ ਮੈਂਬਰ ਇੱਕ ਦੂਜੇ ਦੇ ਲੱਤਾਂ ਅਤੇ ਮੁੱਕੇ ਮਾਰਦੇ ਨਜ਼ਰ ਆਏ । ਕੁਝ ਸੰਸਦ ਮੈਂਬਰ ਸਪੀਕਰ ਦੀ ਸੀਟ ‘ਤੇ ਵੀ ਚੜ੍ਹ ਗਏ। ਉਹ ਇੱਕ ਦੂਜੇ ਨੂੰ ਖਿੱਚਦੇ ਅਤੇ ਮਾਰਦੇ ਦੇਖੇ ਗਏ। ਇਸ ਦੌਰਾਨ ਸੰਸਦ ਮੈਂਬਰ ਇਕ ਬਿੱਲ ਨਾਲ ਸਬੰਧਤ ਦਸਤਾਵੇਜ਼ ਲੈ ਕੇ ਸਦਨ ਤੋਂ ਭੱਜ ਗਏ।
ਦਰਅਸਲ, ਤਾਇਵਾਨ (Taiwan) ਦੀ ਸੰਸਦ ਵਿੱਚ ਇੱਕ ਪ੍ਰਸਤਾਵ ਲਿਆਂਦਾ ਗਿਆ ਹੈ। ਇਸ ਤਹਿਤ ਇਹ ਕਿਹਾ ਗਿਆ ਹੈ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਸਰਕਾਰ ਦੇ ਕੰਮਕਾਜ ‘ਤੇ ਨਜ਼ਰ ਰੱਖਣ ਲਈ ਵਧੇਰੇ ਸ਼ਕਤੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੰਸਦ ‘ਚ ਗਲਤ ਬਿਆਨ ਦੇਣ ਵਾਲੇ ਸਰਕਾਰੀ ਅਧਿਕਾਰੀਆਂ ‘ਤੇ ਅਪਰਾਧਿਕ ਮਾਮਲੇ ਦਰਜ ਕੀਤੇ ਜਾਣਗੇ।
ਅਲ ਜਜ਼ੀਰਾ ਮੁਤਾਬਕ ਇਸ ਬਿੱਲ ‘ਤੇ ਵੋਟਿੰਗ ਤੋਂ ਠੀਕ ਪਹਿਲਾਂ ਨਵੇਂ ਰਾਸ਼ਟਰਪਤੀ ਚਿੰਗ ਤੇਹ ਦੀ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ (ਡੀਪੀਪੀ) ਅਤੇ ਚੀਨ ਪੱਖੀ ਵਿਰੋਧੀ ਧਿਰ ਕੁਓਮਿਨਤਾਂਗ (ਕੇਐਮਟੀ) ਪਾਰਟੀ ਦੇ ਲੋਕਾਂ ਵਿਚਾਲੇ ਝੜੱਪ ਹੋ ਗਈ। ਜਦੋਂ ਸੰਸਦ ਮੈਂਬਰ ਸਦਨ ‘ਚ ਪਹੁੰਚੇ ਤਾਂ ਉਨ੍ਹਾਂ ਨੇ ਇਕ-ਦੂਜੇ ‘ਤੇ ਲੜਾਈ-ਝਗੜੇ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ।