Sarbjot Singh

Paris Olympics: ਵਿਅਕਤੀਗਤ ਵਰਗ ‘ਚ ਫਾਈਨਲ ‘ਚ ਖੂੰਝੇ ਸਰਬਜੋਤ ਸਿੰਘ, ਹੁਣ ਮਨੂ ਭਾਕਰ ਨਾਲ ਮਿਲ ਕੇ ਜਿੱਤਿਆ ਕਾਂਸੀ ਤਮਗਾ

ਚੰਡੀਗੜ੍ਹ, 30 ਜੁਲਾਈ 2024: ਪੈਰਿਸ ਓਲੰਪਿਕ (Paris Olympics) ‘ਚ ਅੱਜ ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ (Sarbjot Singh)  ਅਤੇ ਮਨੂ ਭਾਕਰ (Manu Bhaker.) ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ ‘ਚ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ | ਸਰਬਜੋਤ ਸਿੰਘ ਤੇ ਮਨੂ ਭਾਕਰ ਨੇ ਕੋਰੀਆ ਦੀ ਟੀਮ ਨੂੰ 16-10 ਨਾਲ ਹਰਾ ਦਿੱਤਾ | ਭਾਰਤ ਦਾ ਪੈਰਿਸ ਓਲੰਪਿਕ 2024 ‘ਚ ਇਹ ਦੂਜਾ ਤਮਗਾ ਹੈ |

ਇਸਤੋਂ ਪਹਿਲਾਂ ਸਰਬਜੋਤ ਸਿੰਘ (Sarbjot Singh) ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ‘ਚ ਪਹੁੰਚਣ ਤੋਂ ਥੋੜ੍ਹੇ ਦੇ ਅੰਤਰ ਨਾਲ ਖੂੰਝ ਗਏ ਸਨ । ਸਰਬਜੋਤ ਇਸ ਈਵੈਂਟ ਦੀ ਕੁਆਲੀਫਿਕੇਸ਼ਨ ‘ਚ ਚੋਟੀ ਦੇ ਅੱਠ ‘ਚੋਂ ਬਾਹਰ ਹੋ ਗਿਆ ਸੀ | ਸਰਬਜੋਤ ਅਤੇ ਜਰਮਨੀ ਦੇ ਰੌਬਿਨ ਵਾਲਟਰ ਦਾ ਬਰਾਬਰ ਸਕੋਰ 577 ਸੀ ਅਤੇ ਉਹ ਸਾਂਝੇ ਤੌਰ ‘ਤੇ ਅੱਠਵੇਂ ਸਥਾਨ ‘ਤੇ ਸਨ ਪਰ ਸਰਬਜੋਤ ਨੇ ਰੌਬਿਨ ਤੋਂ ਇਕ ਸ਼ਾਟ ਘੱਟ ਮਾਰਿਆ ਅਤੇ ਨੌਵੇਂ ਸਥਾਨ ‘ਤੇ ਖਿਸਕ ਗਿਆ।

ਸਰਬਜੋਤ ਸਿੰਘ ਦਾ ਜਨਮ ਅੰਬਾਲਾ ਦੇ ਬਰਾੜਾ ‘ਚ ਹੋਇਆ ਸੀ ਅਤੇ ਸਰਬਜੋਤ ਦੀ ਉਮਰ ਸਿਰਫ਼ 22 ਸਾਲ ਹੈ। ਸਰਬਜੋਤ ਦੇ ਪਿਓ ਜਤਿੰਦਰ ਸਿੰਘ ਇੱਕ ਕਿਸਾਨ ਹਨ। ਸਰਬਜੋਤ ਸਿੰਘ ਨੇ ਆਪਣੀ ਸ਼ੂਟਿੰਗ ਦੀ ਟ੍ਰੇਨਿੰਗ ਅੰਬਾਲਾ ਕੈਂਟ ਸਥਿਤ ਏ.ਆਰ ਸ਼ੂਟਿੰਗ ਅਕੈਡਮੀ ਤੋਂ ਕੀਤੀ ਹੈ | ਇਸਤੋਂ ਪਹਿਲਾਂ ਉਹ ਦਿੱਲੀ ‘ਚ ਟਰੇਨਿੰਗ ਲਈ ਗਏ ਸਨ |

22 ਸਾਲ ਦਾ ਸਰਬਜੋਤ ਸਿੰਘ ਪਹਿਲਾਂ ਹੀ ਓਲੰਪਿਕ ਖੇਡਾਂ ‘ਚ ਕਾਂਸੀ ਦਾ ਤਮਗਾ ਜਿੱਤ ਚੁੱਕਾ ਹੈ | ਸਰਬਜੋਤ ਨੇ 2019 ‘ਚ ਅੰਤਰਰਾਸ਼ਟਰੀ ਪੱਧਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਉਨ੍ਹਾਂ ਨੇ 2019 ਦੇ ਜੂਨੀਅਰ ਵਿਸ਼ਵ ਕੱਪ ‘ਚ ਦੋ ਚਾਂਦੀ ਅਤੇ ਇੱਕ ਸੋਨ ਤਮਗਾ ਜਿੱਤਿਆ। ਉਸ ਨੇ ਵਿਸ਼ਵ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਿਆ ਸੀ।

ਇਸਦੇ ਨਾਲ ਹੀ ਸਾਲ 2019 ਦੋਹਾ ਏਸ਼ੀਅਨ ਚੈਂਪੀਅਨਸ਼ਿਪ ‘ਚ ਕਾਂਸੀ ਅਤੇ ਸੋਨ ਤਮਗਾ । ਸਾਲ 2023 ‘ਚ ਉਸਨੇ ਚਾਗਵੋਨ ‘ਚ ਦੁਬਾਰਾ ਕਾਂਸੀ ਦਾ ਤਗਮਾ ਜਿੱਤਿਆ, ਭੋਪਾਲ ਅਤੇ ਬਾਕੂ ‘ਚ 2023 ਵਿਸ਼ਵ ਕੱਪ ‘ਚ ਸੋਨ ਤਮਗਾ ਜਿੱਤਿਆ। ਏਸ਼ਿਆਈ ਖੇਡਾਂ 2022 ‘ਚ ਸੋਨ ਅਤੇ ਚਾਂਦੀ ਦਾ ਤਗਮਾ ਜਿੱਤਿਆ ਸੀ। ਸਰਬਜੋਤ ਸਿੰਘ ਨੇ 10 ਮੀਟਰ ਏਅਰ ਪਿਸਟਲ ‘ਚ ਮੁਹਾਰਤ ਹਾਸਲ ਹੈ, ਇਸ ਨਿਸ਼ਾਨੇਬਾਜ਼ ਦਾ ਭਵਿੱਖ ਉੱਜਵਲ ਦਿਖਾਈ ਦੇ ਰਿਹਾ ਹੈ।

 

Scroll to Top