ਨੰਗਲ, 22 ਅਕਤੂਬਰ 2024: ਪੰਜਾਬ ਦੇ 20 ਹਜ਼ਾਰ ਸਰਕਾਰੀ ਸਕੂਲਾਂ ‘ਚ ਅੱਜ ਨੂੰ ਮੈਗਾ ਪੇਰੈਂਟਸ ਟੀਚਰ ਮੀਟਿੰਗ (Parents Teacher Meeting) ਕਰਵਾਈ ਗਈ ਹੈ। ਇਸੇ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਕੂਲ ਆਫ਼ ਐਮੀਨੈਸ, ਨੰਗਲ ਵਿਖੇ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ‘ਚ ਸ਼ਿਰਕਤ ਕੀਤੀ | ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਮਾਪਿਆਂ ਤੋਂ ਪ੍ਰਾਪਤ ਫੀਡਬੈਕ ਨੇ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਤੇਜ਼ੀ ਨਾਲ ਸੁਧਾਰ ਲਿਆਉਣ
‘ਚ ਅਹਿਮ ਭੂਮਿਕਾ ਨਿਭਾਈ ਹੈ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ ਅਤੇ ਸਿੱਖਿਆ ਨੂੰ ਵਿਸ਼ੇਸ਼ ਤਰਜੀਹ ਦੇ ਖੇਤਰ ਵਜੋਂ ਰੱਖਿਆ ਹੈ। ਪੰਜਾਬ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਸਿੱਖਿਆ ਵਿਭਾਗ ‘ਚ ਉਸਾਰੂ ਕੰਮ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ-ਅਧਿਆਪਕ ਮੀਟਿੰਗਾਂ ਸ਼ੁਰੂ ਕਰਨ ਦਾ ਫੈਸਲਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਸਹੀ ਫੀਡਬੈਕ ਲੈਣ ਦੇ ਉਦੇਸ਼ ਨਾਲ ਲਿਆ ਗਿਆ ਹੈ |
ਸਿੱਖਿਆ ਮੰਤਰੀ ਨੇ ਕਿਹਾ ਕਿ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ (Parents Teacher Meeting) ਰਾਹੀਂ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮਨੋਬਲ ਵਧਿਆ ਹੈ ਅਤੇ ਅਧਿਆਪਕਾਂ ਦੇ ਨਾਲ-ਨਾਲ ਮਾਪਿਆਂ ਦੀ ਸ਼ਮੂਲੀਅਤ ਵੀ ਵਧੀ ਹੈ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਾਈ ਸਕੂਲ ਘੱਗਾ ਦੇ ਮੁੱਖ ਅਧਿਆਪਕ ਮਹਿੰਦਰ ਚੌਧਰੀ ਨੇ ਦੱਸਿਆ ਕਿ ਇਸ ਮੈਗਾ ਮਾਪੇ-ਅਧਿਆਪਕ ਮੀਟਿੰਗ ਤੋਂ ਏ ਬੱਚਿਆਂ ਦੇ ਮਾਪਿਆਂ ਦੀ ਭਾਗੀਦਾਰੀ ‘ਚ ਚੰਗਾ ਵਾਧਾ ਹੋਇਆ ਹੈ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖ਼ਸੀਅਤ ‘ਚ ਵੀ ਨਿਖਾਰ ਹੋ ਰਿਹਾ ਹੈ।
ਇਸ ਰਾਹੀਂ ਅਧਿਆਪਕ ਨੂੰ ਬੱਚੇ ਦੀਆਂ ਰੁਚੀਆਂ ਬਾਰੇ ਵੀ ਪਤਾ ਲੱਗ ਜਾਂਦਾ ਹੈ, ਜਿਸ ਕਾਰਨ ਉਹ ਆਸਾਨੀ ਨਾਲ ਬੱਚੇ ਦੇ ਭਵਿੱਖ ਦਾ ਅੰਦਾਜ਼ਾ ਲਗਾ ਸਕਦਾ ਹੈ ਅਤੇ ਉਸ ਦੀ ਰੁਚੀ ਅਨੁਸਾਰ ਉਸ ਦੀ ਸ਼ਖ਼ਸੀਅਤ ਨੂੰ ਸੁਧਾਰਨ ਵੱਲ ਧਿਆਨ ਦਿੰਦਾ ਹੈ।
ਇਸਦੇ ਨਾਲ ਹੀ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਐੱਸ. ਐੱਸ ਮਾਸਟਰ ਈਸ਼ਵਰ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ਨੂੰ ਲੈ ਕੇ ਮਾਪਿਆਂ ‘ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਅੱਜ ਸਵੇਰੇ ਮਾਤਾ-ਪਿਤਾ-ਅਧਿਆਪਕ ਮਿਲਣੀ ਦਾ ਸਮਾਂ ਸਵੇਰੇ 9:00 ਵਜੇ ਦਾ ਸੀ ਪਰ ਮਾਪੇ 8:30 ਵਜੇ ਹੀ ਸਕੂਲ ਪੁੱਜਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਮਾਪਿਆਂ ਨੇ ਬਿਜ਼ਨਸ ਬਲਾਸਟਰ ਸਕੀਮ ‘ਚ ਬਹੁਤ ਦਿਲਚਸਪੀ ਦਿਖਾਈ ਅਤੇ ਅਧਿਆਪਕਾਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਇਸ ਸਕੀਮ ‘ਚ ਸ਼ਾਮਲ ਕਰਨ।