ਅਵਤਾਰ ਸਿੰਘ ਖੰਡਾ: ਪਰਮਜੀਤ ਸਿੰਘ ਸਰਨਾ ਦੀ ਬ੍ਰਿਟਿਸ਼ ਸਰਕਾਰ ਨੂੰ ਅਪੀਲ

ਚੰਡੀਗੜ੍ਹ, 30 ਜੁਲਾਈ 2023: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਪਰਮਜੀਤ ਸਿੰਘ ਸਰਨਾ (Paramjit Singh Sarna) ਨੇ ਇੰਗਲੈਂਡ ‘ਚ ਅਕਾਲ ਚਲਾਣਾ ਕਰ ਗਏ ਨੌਜਵਾਨ ਅਵਤਾਰ ਸਿੰਘ ਖੰਡਾ ਦੀਆਂ ਅੰਤਿਮ ਰਸਮਾਂ ‘ਚ ਉਨ੍ਹਾਂ ਦੀ ਮਾਂ ਅਤੇ ਭੈਣ ਨੂੰ ਸ਼ਾਮਲ ਹੋਣ ਲਈ ਇੰਗਲੈਂਡ ਵੱਲੋਂ ਵੀਜ਼ਾ ਨਾ ਦਿੱਤੇ ਜਾਣ ‘ਤੇ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਬੇਹੱਦ ਮੰਦਭਾਗੀ ਤੇ ਅਤਿ ਨਿੰਦਣਯੋਗ ਕਾਰਵਾਈ ਹੈ। ਅਜਿਹੀ ਆਸ ਬ੍ਰਿਟਿਸ਼ ਸਰਕਾਰ ਕੋਲੋਂ ਨਹੀਂ ਕੀਤੀ ਜਾ ਸਕਦੀ। ਇਹ ਮ੍ਰਿਤਕ ਦੇਹ ਦੇ ਯੂਨੀਵਰਸਲ ਮਨੁੱਖੀ ਹੱਕਾਂ ਦੀ ਇਕ ਤਰ੍ਹਾਂ ਉਲੰਘਣਾ ਕਰਦੀ ਹੈ।

ਪਰਮਜੀਤ ਸਿੰਘ ਸਰਨਾ ਨੇ ਬ੍ਰਿਟਿਸ਼ ਸਰਕਾਰ (British Government) ਕੋਲੋਂ ਮੰਗ ਕੀਤੀ ਹੈ ਕਿ ਅਵਤਾਰ ਸਿੰਘ ਖੰਡਾ (Avtar Singh Khanda) ਦੇ ਅੰਤਿਮ ਸੰਸਕਾਰ ਲਈ ਉਹਨਾਂ ਦੇ ਪਰਿਵਾਰ ਨੂੰ ਇੰਗਲੈਂਡ ਦਾ ਵੀਜ਼ਾ ਦਿੱਤਾ ਜਾਵੇ। ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਵੀ ਉਨ੍ਹਾਂ ਨੇ ਅਪੀਲ ਕੀਤੀ ਕਿ ਉਹ ਆਪਣੇ ਅਹੁਦੇ ਦਾ ਰਸੂਖ ਵਰਤ ਕੇ ਉਸ ਨੌਜਵਾਨ ਦੀ ਮਾਤਾ ਤੇ ਭੈਣ ਨੂੰ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਵੀਜ਼ਾ ਦਵਾਉਣ ‘ਚ ਸਹਾਈ ਹੋਣ।

ਇਸ ਦੇ ਨਾਲ ਹੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ, “ਮੈਂ ਨਹੀਂ ਜਾਣਦਾ ਕਿ ਉਸ ਨੌਜਵਾਨ ਦੀ ਵਿਚਾਰਧਾਰਾ ਕੀ ਸੀ ਜਾਂ ਉਸਦਾ ਪਿਛੋਕੜ ਕੀ ਸੀ। ਪਰ ਭਾਰਤ ਦੀ ਇਹ ਸੰਸਕ੍ਰਿਤੀ ਰਹੀ ਹੈ ਕਿ ਮ੍ਰਿਤਕ ਵਿਅਕਤੀ ਦੀ ਦੇਹ ਦਾ ਜਿੱਥੇ ਸਤਿਕਾਰ ਕੀਤਾ ਜਾਂਦਾ ਹੈ, ਉੱਥੇ ਹੀ ਉਸਦਾ ਅੰਤਿਮ ਸਸਕਾਰ ਉਸਦੀ ਜਨਮ ਭੂਮੀ ਤੇ ਕਰਨਾ ਵੀ ਧਰਮ ਸਮਝਿਆ ਜਾਂਦਾ ਹੈ। ਸਾਡੀ ਰਵਾਇਤ ਹੈ ਕਿ ਵਖਰੇਵੇਂ ਤੇ ਵੈਰ ਵਿਰੋਧ ਸਦਾ ਜਿਉਂਦੇ ਜੀਅ ਹੀ ਮੰਨਦੇ ਹਾਂ। ਮਰਨ ਉਪਰੰਤ ਇਸ ਧਰਤੀ ਤੇ ਸਦਾ ਹੀ ਵਿਰੋਧੀ ਨੂੰ ਵੀ ਉਸਦੀਆਂ ਰਸਮਾਂ ਮੁਤਾਬਕ ਉਸਦੀ ਮਾਤ ਭੂਮੀ ਤੇ ਅੰਤਿਮ ਵਿਦਾਇਗੀ ਦਿੱਤੀ ਜਾਂਦੀ ਹੈ। ਇਸ ਲਈ ਜੇਕਰ ਉਸ ਨੌਜਵਾਨ ਦਾ ਪਰਿਵਾਰ ਉਹਨਾਂ ਦਾ ਸਸਕਾਰ ਪੰਜਾਬ ਵਿਚ ਕਰਨਾ ਚਾਹੁੰਦਾ ਹੈ ਤਾਂ ਭਾਰਤ ਸਰਕਾਰ ਮ੍ਰਿਤਕ ਦੇਹ ਦੀਆਂ ਰਸਮਾਂ ਰਿਵਾਜਾਂ ਅਤੇ ਅੰਤਿਮ ਇੱਛਾ ਮੁਤਾਬਕ ਉਹਨਾਂ ਦਾ ਸਸਕਾਰ ਪੰਜਾਬ ਵਿਚ ਕਰਵਾਉਣ ਲਈ ਇਜ਼ਾਜ਼ਤ ਦੇਵੇ।” ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਇਹ ਹਰ ਵਿਅਕਤੀ ਦਾ ਹੱਕ ਹੈ, ਉੱਥੇ ਹੀ ਇਹ ਇਸ ਮੁਲਕ ਦੀ ਸੰਸਕ੍ਰਿਤੀ ਦਾ ਮਸਲਾ ਵੀ ਹੈ।

Scroll to Top