ਚੰਡੀਗੜ੍ਹ, 28 ਫਰਵਰੀ 2023: ਵਿਜੀਲੈਂਸ ਬਿਊਰੋ ਨੇ ਪੰਚਾਇਤੀ ਫੰਡਾਂ ‘ਚ ਹੋਏ ਗਬਨ ਮਾਮਲੇ ਵਿੱਚ ਪਟਿਆਲਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ (Madan Lal Jalalpur) ਨੂੰ ਨਾਮਜ਼ਦ ਕੀਤਾ ਹੈ | ਵਿਜੀਲੈਂਸ ਵੱਲੋਂ ਮਦਨ ਲਾਲ ਜਲਾਲਪੁਰ ਖ਼ਿਲਾਫ਼ ਲੁੱਕ ਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਸਾਬਕਾ ਵਿਧਾਇਕ ਨੂੰ ਧਾਂਦਲੀ ਦੇ ਮਾਮਲੇ ‘ਚ ਜਲਦ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਜਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵਿਜੀਲੈਂਸ ਨੇ ਇਸ ਮਾਮਲੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਕੜੀ ਦੀ ਸਰਪੰਚ ਹਰਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਕਈ ਹੋਰ ਅਧਿਕਾਰੀ ਵੀ ਰਡਾਰ ‘ਤੇ ਹਨ | ਵਿਜੀਲੈਂਸ ਵਲੋਂ ਪਟਿਆਲਾ ਦੇ ਘਨੌਰ ਹਲਕੇ ਦੇ ਅੰਮ੍ਰਿਤਸਰ- ਕੋਲਕਾਤਾ ਇੰਟੈਗਰੇਟੇਡ ਕੌਰੀਡੋਰ ਲਈ ਬਲਾਕ ਸ਼ੰਭੂ ਦੇ 5 ਪਿੰਡਾਂ ਦੀ 1104 ਏਕੜ ਜ਼ਮੀਨ ਐਕਵਾਇਰ ਕਰਨ ਵਿਚ ਹੋਏ ਕਥਿਤ ਘਪਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ PVB ਨੇ ਪੰਜ ਪਿੰਡਾਂ ਆਕੜੀ, ਸੇਹਰਾ, ਸੇਹਰੀ, ਤਖਤੂਮਾਜਰਾ ਅਤੇ ਪੱਬਰਾਂ ਦੀ 1104 ਏਕੜ ਜ਼ਮੀਨ ਅਧਿਗ੍ਰਹਿਣ ਕੀਤੀ ਗਈ ਸੀ। ਇਸ ਜ਼ਮੀਨ ਦੇ ਮੁਆਵਜ਼ੇ ਵਜੋਂ ਕਰੀਬ 205 ਕਰੋੜ ਰੁਪਏ ਦਿੱਤਾ ਗਿਆ ਸੀ। ਇਨ੍ਹਾਂ ਪਿੰਡਾਂ ਨੂੰ 97.8 ਕਰੋੜ ਰੁਪਏ ਵੱਖਰੇ ਤੌਰ ‘ਤੇ ਦਿੱਤੇ ਗਏ ਸਨ |
ਇਸ ਮਾਮਲੇ ਨੂੰ ਲੈ ਕੇ ਵਿਜੀਲੈਂਸ ਬਿਊਰੋ ਅਤੇ ਪੰਚਾਇਤ ਵਿਭਾਗ ਵਲੋਂ ਜਾਂਚ ਕਰਨ ਤੋਂ ਬਾਅਦ ਰੇਂਜ ਪਟਿਆਲਾ ਨੇ 26 ਮਈ, 2022 ਨੂੰ ਐਫਆਈਆਰ ਦਰਜ ਕੀਤੀ ਸੀ ਤੇ ਹੁਣ ਤੱਕ ਇਸ ਕੇਸ ‘ਚ ਸਰਕਾਰੀ ਤੇ ਪ੍ਰਾਈਵੇਟ 34 ਵਿਅਕਤੀ ਨਾਮਜ਼ਦ ਕੀਤੇ ਹਨ ਤੇ ਇਨ੍ਹਾਂ ‘ਚ ਦਸ ਪ੍ਰਾਈਵੇਟ ਫ਼ਰਮਾਂ ਵੀ ਸ਼ਾਮਲ ਹਨ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਕਰੋੜਾਂ ਰੁਪਏ ਦੀ ਮੁਆਵਜ਼ਾ ਰਾਸ਼ੀ ਨਾਲ ਜਿਹੜੇ ਕਿ ਪਿੰਡ ਦੇ ਵਿਕਾਸ ਕੰਮ ਕਰਵਾਏ ਗਏ , ਉਨ੍ਹਾਂ ‘ਚ ਕਰੋੜਾਂ ਰੁਪਏ ਦੇ ਘਪਲੇ ਤੇ ਬੇਨਿਯਮੀਆਂ ਕੀਤੀਆਂ ਗਈਆਂ ਹਨ।