ਚੰਡੀਗੜ੍ਹ, 15 ਅਕਤੂਬਰ, 2024: ਪੰਜਾਬ ਭਰ ‘ਚ ਅੱਜ ਪੰਚਾਇਤੀ ਚੋਣਾਂ (Panchayat elections) ਲਈ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਵੋਟਿੰਗ ਹੋਈ | ਇਸਦੇ ਨਾਲ ਹੀ ਕਈਂ ਪਿੰਡਾਂ ‘ਚ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ | ਸ਼ਾਮ 4 ਵਜੇ ਤੱਕ 50 ਫੀਸਦੀ ਤੋਂ ਵੱਧ ਵੋਟਿੰਗ ਹੋ ਹੋਈ ਹੈ, ਚੋਣ ਕਮਿਸ਼ਨ ਵੱਲੋਂ ਅਜੇ ਅੰਤਿਮ ਅੰਕੜੇ ਜਾਰੀ ਕਰਨੇ ਬਾਕੀ ਹਨ |
ਜਿਕਰਯੋਗ ਹੈ ਕਿ ਪੰਜਾਬ ਭਰ ‘ਚ ਕੁੱਲ 13,937 ਗ੍ਰਾਮ ਪੰਚਾਇਤਾਂ ਹਨ | ਪੰਜਾਬ ‘ਚ 3798 ਸਰਪੰਚ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ। ਇਸ ਦੇ ਨਾਲ ਹੀ 48861 ਪੰਚਾਂ ਨੂੰ ਵੀ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਅੱਜ 25588 ਸਰਪੰਚ ਅਹੁਦਿਆਂ ਅਤੇ 80598 ਪੰਚ ਅਹੁਦਿਆਂ ਲਈ ਵੋਟਾਂ ਪਈਆਂ।
ਅਤੇ ਪੰਚਾਇਤੀ ਚੋਣਾਂ (Panchayat elections) ਲਈ 96 ਹਜ਼ਾਰ ਮੁਲਾਜ਼ਮਾਂ ਦੀ ਡਿਊਟੀ ਲਗਾਈ ਹੈ। ਈਵੀਐਮ ਦੀ ਬਜਾਏ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਬੈਲਟ ਪੇਪਰ ‘ਤੇ NOTA ਦਾ ਵਿਕਲਪ ਵੀ ਹੈ। ਪੰਚਾਇਤੀ ਚੋਣਾਂ ਦੌਰਾਨ ਕਈਂ ਪਿੰਡਾਂ ਤੋਂ ਝੜੱਪ ਅਤੇ ਗੋਲੀ ਚੱਲਣ ਦੀ ਖਬਰਾਂ ਸਾਹਮਣੇ ਆਈਆਂ ਹਨ | ਪਟਿਆਲਾ, ਮੋਗਾ, ਕਪੂਰਥਲਾ, ਅੰਮ੍ਰਿਤਸਰ, ਤਰਨ ਤਾਰਨ, ਬਠਿੰਡਾ ਅਤੇ ਬਰਨਾਲਾ ‘ਚ ਝਗੜੇ ਦੀ ਖ਼ਬਰਾਂ ਸਾਹਮਣੇ ਆਈ ਹਨ |
ਇਨ੍ਹਾਂ ਚੋਣਾਂ ਦੌਰਾਨ ਪਟਿਆਲਾ ‘ਚ ਪੋਲਿੰਗ ਬੂਥ ‘ਤੇ ਗੋਲੀਬਾਰੀ ਅਤੇ ਪਥਰਾਅ ਦੀ ਖ਼ਬਰ ਸਾਹਮਣੇ ਹੈ। ਇਸ ਘਟਨਾ ‘ਚ 2 ਜਣੇ ਜ਼ਖਮੀ ਹੋ ਗਏ। ਦੋਸ਼ ਹੈ ਕਿ ਪਿੰਡ ਦੇ ਪੋਲਿੰਗ ਬੂਥ ‘ਤੇ ਬਾਹਰੀ ਲੋਕਾਂ ਨੇ ਗੋਲੀਆਂ ਚਲਾਈਆਂ।
ਬਰਨਾਲਾ ‘ਚ ਪੰਚਾਇਤੀ ਚੋਣ (Panchayat elections) ਡਿਊਟੀ ’ਤੇ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੀਨੀਅਰ ਕਾਂਸਟੇਬਲ ਲੱਖਾ ਸਿੰਘ (53 ਸਾਲ) ਵਜੋਂ ਹੋਈ ਹੈ। ਮਾਨਸਾ ਦੇ ਪਿੰਡ ਮਾਨਸਾ ਖੁਰਦ ‘ਚ ਵੋਟਿੰਗ ਰੋਕ ਦਿੱਤੀ ਗਈ । ਖ਼ਬਰਾਂ ਹਨ ਕਿ ਬੈਲਟ ਪੇਪਰ ਗਲਤ ਛਾਪਿਆ ਗਿਆ ਸੀ।
ਫਾਜ਼ਿਲਕਾ ਤੋਂ ਪੰਚਾਇਤੀ ਚੋਣ ਡਿਊਟੀ ਲਈ ਜਲੰਧਰ ਆਏ ਇਕ ਅਧਿਆਪਕ ਦੀ ਸੋਮਵਾਰ ਰਾਤ ਸ਼ੱਕੀ ਹਲਾਤਾਂ ‘ਚ ਮੌਤ ਹੋ ਗਈ। ਤਰ ਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਸੈਣ ‘ਚ ਪੋਲਿੰਗ ਬੂਥ ਦੇ ਬਾਹਰ ਗੋਲੀਬਾਰੀ ਹੋਈ। ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਵੋਟਾਂ ਪਾਉਣ ਲਈ ਕਤਾਰ ‘ਚ ਖੜ੍ਹੇ ਲੋਕਾਂ ‘ਚ ਝਗੜਾ ਹੋ ਗਿਆ।