ਚੰਡੀਗੜ੍ਹ, 06 ਅਪ੍ਰੈਲ 2023: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਪੈਨ ਕਾਰਡ (PAN Card) ਨਾਲ ਆਧਾਰ ਲਿੰਕ ਕਰਨ ‘ਚ ਦੇਰੀ ਲਈ ਜ਼ੁਰਮਾਨੇ ਦਾ ਬਚਾਅ ਕੀਤਾ ਹੈ। ਆਧਾਰ ਨੂੰ ਪੈਨ ਨਾਲ ਲਿੰਕ ਕਰਨਾ 31 ਮਾਰਚ, 2022 ਤੱਕ ਮੁਫਤ ਸੀ, ਉਸ ਤੋਂ ਬਾਅਦ 1 ਅਪ੍ਰੈਲ, 2022 ਤੋਂ ਇਸ ‘ਤੇ 500 ਰੁਪਏ ਜ਼ੁਰਮਾਨੇ ਦੀ ਵਿਵਸਥਾ ਕੀਤੀ ਗਈ ਸੀ। ਜਿਸ ਨੂੰ ਜੁਲਾਈ ਮਹੀਨੇ ਵਿੱਚ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਸੀ।
ਫਿਲਹਾਲ ਸਥਿਤੀ ਇਹ ਹੈ ਕਿ ਜੇਕਰ 30 ਜੂਨ 2023 ਤੱਕ ਪੈਨ ਕਾਰਡ ਨੂੰ ਆਧਾਰ (Aadhaar Card) ਨਾਲ ਲਿੰਕ ਨਹੀਂ ਕੀਤਾ ਗਿਆ ਤਾਂ ਇਹ ਅਕਿਰਿਆਸ਼ੀਲ ਹੋ ਜਾਵੇਗਾ। ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਪਹਿਲਾਂ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਕਾਫੀ ਸਮਾਂ ਦਿੱਤਾ ਜਾਂਦਾ ਸੀ। ਪੈਨ ਨੂੰ ਹੁਣ ਤੱਕ ਆਧਾਰ ਨਾਲ ਲਿੰਕ ਕਰ ਲੈਣਾ ਚਾਹੀਦਾ ਸੀ। ਜਿਨ੍ਹਾਂ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ, ਉਨ੍ਹਾਂ ਨੂੰ ਤੁਰੰਤ ਅਜਿਹਾ ਕਰਨਾ ਚਾਹੀਦਾ ਹੈ। ਜੇਕਰ ਮੌਜੂਦਾ ਤੈਅ ਸਮਾਂ ਸੀਮਾ ਖਤਮ ਹੋ ਜਾਂਦੀ ਹੈ, ਤਾਂ ਜ਼ੁਰਮਾਨਾ ਹੋਰ ਵਧਾਇਆ ਜਾਵੇਗਾ।
ਵਿੱਤ ਮੰਤਰਾਲੇ ਦੁਆਰਾ 28 ਮਾਰਚ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ, ਟੀਡੀਐਸ ਅਤੇ ਟੀਸੀਐਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣ ਲਈ, ਹਰੇਕ ਵਿਅਕਤੀ ਨੂੰ ਕਿਸੇ ਵੀ ਸਥਿਤੀ ਵਿੱਚ ਆਪਣਾ ਆਧਾਰ ਪੈਨ ਕਾਰਡ ਨਾਲ ਲਿੰਕ ਕਰਵਾਉਣਾ ਚਾਹੀਦਾ ਹੈ। ਅਜਿਹਾ ਨਾ ਕਰਨ ‘ਤੇ ਉਨ੍ਹਾਂ ਨੂੰ ਟੀਡੀਐਸ ਅਤੇ ਟੀਸੀਐਸ ਕਲੇਮ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਿਲਹਾਲ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਮਿਆਦ 30 ਜੂਨ ਤੱਕ ਵਧਾ ਦਿੱਤੀ ਗਈ ਹੈ। ਅਜਿਹੇ ‘ਚ ਜਿਨ੍ਹਾਂ ਲੋਕਾਂ ਨੇ ਆਪਣੇ ਆਧਾਰ ਕਾਰਡ (Aadhaar Card) ਅਤੇ ਪੈਨ ਕਾਰਡ ਨੂੰ ਲਿੰਕ ਨਹੀਂ ਕੀਤਾ ਹੈ, ਉਨ੍ਹਾਂ ਦਾ ਪੈਨ 1 ਜੁਲਾਈ 2023 ਤੋਂ ਬੰਦ ਹੋ ਜਾਵੇਗਾ।