ਚੰਡੀਗੜ੍ਹ , 20 ਅਪ੍ਰੈਲ 2023: ਫਿਲਮ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਦੇ ਮਰਹੂਮ ਫਿਲਮ ਨਿਰਮਾਤਾ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ (Pamela Chopra) ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਪਾਮੇਲਾ ਇੱਕ ਮਸ਼ਹੂਰ ਗਾਇਕਾ ਸੀ ਅਤੇ ਉਨ੍ਹਾਂ ਨੇ ਆਪਣੇ ਪਤੀ ਯਸ਼ ਚੋਪੜਾ ਦੀਆਂ ਕਈ ਫਿਲਮਾਂ ਵਿੱਚ ਸੰਗੀਤ ਦਿੱਤਾ ਸੀ। ਪਾਮੇਲਾ ਚੋਪੜਾ ਆਦਿਤਿਆ ਚੋਪੜਾ ਅਤੇ ਉਦੈ ਚੋਪੜਾ ਦੀ ਮਾਂ ਹਨ | ਪਾਮੇਲਾ ਚੋਪੜਾ ਦੀ ਮੌਤ ਦੀ ਜਾਣਕਾਰੀ ਯਸ਼ਰਾਜ ਫਿਲਮਜ਼ ਦੇ ਇੰਸਟਾਗ੍ਰਾਮ ਪੇਜ ‘ਤੇ ਵੀ ਸ਼ੇਅਰ ਕੀਤੀ ਗਈ ਹੈ।
ਸ਼ੇਅਰ ਕੀਤੀ ਪੋਸਟ ‘ਚ ਲਿਖਿਆ ਹੈ, ‘ਬਹੁਤ ਭਾਰੀ ਹਿਰਦੇ ਨਾਲ ਚੋਪੜਾ ਪਰਿਵਾਰ ਸੂਚਿਤ ਕਰ ਰਿਹਾ ਹੈ ਕਿ ਪਾਮੇਲਾ ਚੋਪੜਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਵਿੱਚ ਕੀਤਾ ਜਾਵੇਗਾ। ਪਾਮੇਲਾ ਚੋਪੜਾ (Pamela Chopra) ਦੀ ਮੌਤ ਨਾਲ ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਮੇਲਾ ਚੋਪੜਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਪਾਮੇਲਾ ਅਦਾਕਾਰਾ ਰਾਣੀ ਮੁਖਰਜੀ ਦੀ ਸੱਸ ਸੀ। ਆਪਣੇ ਪਤੀ ਯਸ਼ ਚੋਪੜਾ ਦੀ ਮੌਤ ਦੇ ਕਰੀਬ 11 ਸਾਲ ਬਾਅਦ ਪਾਮੇਲਾ ਨੇ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ।\
85 ਸਾਲਾ ਪਾਮੇਲਾ ਚੋਪੜਾ ਆਖਰੀ ਵਾਰ ਯਸ਼ਰਾਜ ਦੀ ਦਸਤਾਵੇਜ਼ੀ ਲੜੀ ‘ਦਿ ਰੋਮਾਂਟਿਕਸ‘ ਵਿੱਚ ਨਜ਼ਰ ਆਈ ਸੀ। ਇਸ ਲੜੀ ਵਿੱਚ ਉਨ੍ਹਾਂ ਨੇ ਆਪਣੇ ਪਤੀ ਯਸ਼ ਚੋਪੜਾ ਦੇ ਸਫ਼ਰ ਅਤੇ ਯਸ਼ ਰਾਜ ਫਿਲਮਜ਼ (ਵਾਈਆਰਐਫ) ਬਾਰੇ ਗੱਲ ਕੀਤੀ ਸੀ ।
ਪਾਮੇਲਾ ਚੋਪੜਾ ਇੱਕ ਮਸ਼ਹੂਰ ਗਾਇਕਾ, ਫਿਲਮ ਲੇਖਕ ਅਤੇ ਨਿਰਮਾਤਾ ਸੀ। ਪਾਮੇਲਾ ਚੋਪੜਾ ਨੇ ‘ਕਭੀ ਕਭੀ, ਦੂਸਰਾ ਆਦਮੀ, ਤ੍ਰਿਸ਼ੂਲ, ਚਾਂਦਨੀ, ਲਮਹੇ, ਡਰ, ਸਿਲਸਿਲਾ, ਕਾਲਾ ਪੱਥਰ, ਦਿਲਵਾਲੇ ਦੁਲਹਨੀਆ ਲੇ ਜਾਏਂਗੇ ਅਤੇ ਮੁਝਸੇ ਦੋਸਤੀ ਕਰੋਗੇ ਵਰਗੀਆਂ ਫਿਲਮਾਂ ਵਿੱਚ ਗੀਤ ਗਏ । ਪਾਮੇਲਾ ਚੋਪੜਾ ਨੇ ਯਸ਼ਰਾਜ ਬੈਨਰ ਦੀਆਂ ਕਈ ਫ਼ਿਲਮਾਂ ਦੇ ਸੰਗੀਤ ਵਿੱਚ ਅਹਿਮ ਯੋਗਦਾਨ ਪਾਇਆ। ਉਹ ਇੱਕ ਕਾਸਟਿਊਮ ਡਿਜ਼ਾਈਨਰ ਵਜੋਂ ਕਈ ਫ਼ਿਲਮਾਂ ਵਿੱਚ ਵੀ ਸ਼ਾਮਲ ਸੀ। ਫਿਲਹਾਲ ਪਾਮੇਲਾ ਚੋਪੜਾ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ |