ਚੰਡੀਗੜ੍ਹ, 27 ਅਕਤੂਬਰ 2023: ਇਜ਼ਰਾਈਲ ਨੇ ਬੁੱਧਵਾਰ ਰਾਤ ਨੂੰ ਟੈਂਕਾਂ ਅਤੇ ਸੈਨਿਕਾਂ ਨਾਲ ਗਾਜ਼ਾ ਵਿੱਚ ਹਮਾਸ ਦੇ ਟਿਕਾਣਿਆਂ ‘ਤੇ ਸੀਮਤ ਜ਼ਮੀਨੀ ਹਮਲਾ ਕੀਤਾ। ਇਸ ਨੂੰ ਵੱਡੇ ਪੱਧਰ ‘ਤੇ ਜ਼ਮੀਨੀ ਹਮਲਾ ਕਰਨ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ।ਹਮਾਸ ਦੀ ਪੱਛਮੀ ਖਾਨ ਯੂਨਿਸ ਬਟਾਲੀਅਨ ਦਾ ਕਮਾਂਡਰ ਮਦਥ ਮੁਬਸ਼ਰ ਵੀਰਵਾਰ ਰਾਤ ਨੂੰ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਦੇ ਹਵਾਈ ਹਮਲੇ ਵਿੱਚ ਮਾਰਿਆ ਗਿਆ ਸੀ। ਖ਼ਬਰਾਂ ਹਨ ਕਿ ਆਈਡੀਐਫ ਨੇ ਹਾਲ ਹੀ ਵਿੱਚ ਗਾਜ਼ਾ ਪੱਟੀ ਵਿੱਚ ਹਮਾਸ ਦੇ 250 ਤੋਂ ਵੱਧ ਟਿਕਾਣਿਆਂ ਉੱਤੇ ਹਮਲੇ ਕੀਤੇ ਸਨ।
ਕਰੀਬ 21 ਦਿਨ ਪਹਿਲਾਂ ਹਮਾਸ ਨੇ ਇਜ਼ਰਾਈਲ ‘ਤੇ ਅੰਨ੍ਹੇਵਾਹ ਰਾਕੇਟ ਹਮਲੇ ਕੀਤੇ ਸਨ। 7 ਅਕਤੂਬਰ ਦੀ ਇਸ ਘਟਨਾ ਤੋਂ ਬਾਅਦ ਦੱਖਣੀ ਇਜ਼ਰਾਈਲ ‘ਚ ਟਕਰਾਅ ਹੋ ਰਿਹਾ ਹੈ। ਹਮਾਸ ਦੀ ਘੁਸਪੈਠ ਦੇ ਜਵਾਬ ਵਿੱਚ ਇਜ਼ਰਾਈਲ ਨੇ ਵਿਨਾਸ਼ਕਾਰੀ ਹਵਾਈ ਹਮਲੇ ਕੀਤੇ ਹਨ। ਫੌਜੀ ਕਾਰਵਾਈ ਦੌਰਾਨ ਫਿਲੀਸਤੀਨੀ ਮਰਨ ਵਾਲਿਆਂ ਦੀ ਗਿਣਤੀ 7,000 ਨੂੰ ਪਾਰ ਕਰ ਗਈ ਹੈ। ਗਾਜ਼ਾ ਵਿੱਚ ਸਿਹਤ ਮੰਤਰਾਲੇ ਦੇ ਅਨੁਸਾਰ, ਮਰਨ ਵਾਲਿਆਂ ਵਿੱਚ 2,900 ਤੋਂ ਵੱਧ ਨਾਬਾਲਗ ਅਤੇ 1,500 ਤੋਂ ਵੱਧ ਔਰਤਾਂ ਸ਼ਾਮਲ ਹਨ। ਸ਼ੁੱਕਰਵਾਰ ਸ਼ਾਮ 5.30 ਵਜੇ ਤੱਕ ਕੁੱਲ ਅੰਕੜਾ 7326 ਤੱਕ ਪਹੁੰਚ ਗਿਆ ਹੈ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਆਪਣੇ ਓਮਾਨੀ ਹਮਰੁਤਬਾ ਬਦਰ ਅਲਬੂਸੈਦੀ ਨਾਲ ਗੱਲ ਕੀਤੀ। ਦੋਵਾਂ ਨੇ ਪੱਛਮੀ ਏਸ਼ੀਆ ‘ਚ ਚੱਲ ਰਹੇ ਸੰਕਟ ‘ਤੇ ਚਰਚਾ ਕੀਤੀ। ਤੁਹਾਨੂੰ ਦੱਸ ਦੇਈਏ ਕਿ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਇਲੀ ਸ਼ਹਿਰਾਂ ‘ਤੇ ਹਮਲੇ ਕੀਤੇ ਸਨ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ, ਅਲਬੂਸੈਦੀ ਨੇ ਕਿਹਾ ਕਿ ਉਨ੍ਹਾਂ ਨੇ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਵਿਦੇਸ਼ ਮੰਤਰੀ ਨੇ ਗੱਲਬਾਤ ਨੂੰ ‘ਚੰਗਾ’ ਦੱਸਿਆ। ਜੈਸ਼ੰਕਰ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ, “ਓਮਾਨੀ ਦੇ ਵਿਦੇਸ਼ ਮੰਤਰੀ ਨਾਲ ਚੰਗੀ ਗੱਲਬਾਤ ਹੋਈ। ਸਾਡੇ ਦੁਵੱਲੇ ਸਬੰਧਾਂ ‘ਤੇ ਚਰਚਾ ਕੀਤੀ ਅਤੇ ਪੱਛਮੀ ਏਸ਼ੀਆ ਦੇ ਸੰਕਟ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।