ਪਾਲ ਗਡਰੀਆ ਭਾਈਚਾਰਾ

ਪਾਲ ਗਡਰੀਆ ਭਾਈਚਾਰਾ ਬੱਚਿਆਂ ਦੀ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇਵੇ: CM ਨਾਇਬ ਸਿੰਘ ਸੈਣੀ

ਹਰਿਆਣਾ, 22 ਮਈ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਾਲ ਗਡਰੀਆ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਿਆਨ ਹੀ ਇੱਕੋ ਇੱਕ ਹਥਿਆਰ ਹੈ ਜੋ ਹਰ ਬੰਧਨ ਨੂੰ ਤੋੜ ਸਕਦਾ ਹੈ।

ਮੁੱਖ ਮੰਤਰੀ ਬੁੱਧਵਾਰ ਦੇਰ ਸ਼ਾਮ ਨੂੰ ਚੰਡੀਗੜ੍ਹ ‘ਚ ਮਾਂ ਅਹਿਲਿਆਬਾਈ ਦੀ 300ਵੀਂ ਜਯੰਤੀ ‘ਤੇ ਜਨ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪਾਲ ਗਡਰੀਆ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।

ਮਾਂ ਅਹਿਲਿਆਬਾਈ ਦੀ ਤਸਵੀਰ ‘ਤੇ ਫੁੱਲ ਮਾਲਾਵਾਂ ਭੇਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਹਿਲਿਆਬਾਈ ਦੀ ਜਯੰਤੀ ‘ਤੇ ਅੱਜ ਸ਼ੁਰੂ ਕੀਤੀ ਗਈ ਜਨ ਜਾਗਰੂਕਤਾ ਮੁਹਿੰਮ 31 ਮਈ ਤੱਕ ਜਾਰੀ ਰਹੇਗੀ ਅਤੇ 31 ਮਈ ਨੂੰ ਮਾਂ ਅਹਿਲਿਆਬਾਈ ਦੀ ਜਯੰਤੀ ‘ਤੇ ਕੁਰੂਕਸ਼ੇਤਰ ‘ਚ ਇੱਕ ਵਿਸ਼ਾਲ ਸਮਾਗਮ ਨਾਲ ਸਮਾਪਤ ਹੋਵੇਗੀ।

ਉਨ੍ਹਾਂ ਕਿਹਾ ਕਿ ਪਾਲ ਗਡਰੀਆ ਭਾਈਚਾਰੇ ਵਿੱਚ ਭਾਰਤ ਦੀਆਂ ਮਹਾਨ ਪਰੰਪਰਾਵਾਂ, ਸੱਭਿਆਚਾਰ ਅਤੇ ਮਿਹਨਤ ਦੀ ਸਜੀਵ ਤਸਵੀਰ ਦਿਖਾਈ ਦਿੰਦੀ ਹੈ। ਇਹ ਭਾਈਚਾਰਾ ਪੀੜ੍ਹੀਆਂ ਤੋਂ ਭਾਰਤ ਦੀ ਪੇਂਡੂ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਰਿਹਾ ਹੈ। ਪਾਲ ਗਡਰੀਆ ਭਾਈਚਾਰੇ ਦਾ ਅਤੀਤ ਅਤੇ ਪਰੰਪਰਾਵਾਂ ਸ਼ਾਨਦਾਰ ਰਹੀਆਂ ਹਨ। ਇਸ ਭਾਈਚਾਰੇ ਦੇ ਲੋਕ ਹੋਲਕਰ ਰਾਜਵੰਸ਼ ਦੇ ਪ੍ਰਤੀਨਿਧੀ ਹਨ, ਜਿਸਨੇ ਮੱਧ ਪ੍ਰਦੇਸ਼ ਦੇ ਇੰਦੌਰ ‘ਤੇ ਬਹੁਤ ਲੰਬੇ ਸਮੇਂ ਤੱਕ ਰਾਜ ਕੀਤਾ। ਇਸ ਸਮਾਜ ਨੇ ਮਲਹਾਰ ਰਾਓ ਹੋਲਕਰ ਵਰਗੇ ਯੋਧੇ ਅਤੇ ਮਾਂ ਅਹਿਲਿਆ ਬਾਈ ਵਰਗੀਆਂ ਬਹਾਦਰ ਔਰਤਾਂ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਜਦੋਂ ਅਸੀਂ ‘ਆਤਮ-ਨਿਰਭਰ ਭਾਰਤ’ ਦੀ ਗੱਲ ਕਰਦੇ ਹਾਂ, ਤਾਂ ਪਾਲ ਗਡਰੀਆ ਭਾਈਚਾਰੇ ਵਰਗੇ ਮਿਹਨਤੀ ਭਾਈਚਾਰਿਆਂ ਦੀ ਭੂਮਿਕਾ ਇਸਦੀ ਸਿਰਜਣਾ ‘ਚ ਸਭ ਤੋਂ ਮਹੱਤਵਪੂਰਨ ਹੋ ਜਾਂਦੀ ਹੈ। ਮਾੜੇ ਹਾਲਾਤਾਂ ‘ਚ ਵੀ, ਤੁਸੀਂ ਲੋਕਾਂ ਨੇ ਆਪਣੀ ਮਿਹਨਤ, ਆਤਮਵਿਸ਼ਵਾਸ ਅਤੇ ਸਮਰਪਣ ਨਾਲ ਸਾਬਤ ਕਰ ਦਿੱਤਾ ਹੈ ਕਿ ਜੇਕਰ ਭਾਰਤ ਹਰ ਪਿੰਡ ‘ਚ ਵਸਿਆ ਹੈ, ਤਾਂ ਉਸ ਵਿੱਚ ਤੁਹਾਡੀ ਮਿਹਨਤ ਦੀ ਖੁਸ਼ਬੂ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਦੇਸ਼ ਦੀ ਬਦਕਿਸਮਤੀ ਰਹੀ ਹੈ ਕਿ ਆਜ਼ਾਦੀ ਤੋਂ ਬਾਅਦ ਦਹਾਕਿਆਂ ਤੱਕ ਕੁਝ ਵਰਗਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਗਿਆ। ਨਾ ਤਾਂ ਉਨ੍ਹਾਂ ਲਈ ਕੋਈ ਨੀਤੀ ਬਣਾਈ ਗਈ ਅਤੇ ਨਾ ਹੀ ਕੋਈ ਦਿਸ਼ਾ ਤੈਅ ਕੀਤੀ ਗਈ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਿਸ ਤਰ੍ਹਾਂ ਮਾਂ ਅਹਿਲਿਆਬਾਈ ਨੇ ਬਹੁਤ ਸਾਰੇ ਮੰਦਰ ਬਣਵਾਏ ਅਤੇ ਗਰੀਬਾਂ ਲਈ ਲੜਾਈ ਲੜੀ, ਉਸੇ ਰਸਤੇ ‘ਤੇ ਚੱਲਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਬਹੁਤ ਸਾਰੇ ਮੰਦਰਾਂ ਦਾ ਨਵੀਨੀਕਰਨ ਕਰਵਾਇਆ ਅਤੇ ਅਨੁਸੂਚਿਤ ਜਾਤੀਆਂ ਦੇ ਸਮਾਜਿਕ ਅਤੇ ਆਰਥਿਕ ਸਸ਼ਕਤੀਕਰਨ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ। ਹਰਿਆਣਾ ਸਰਕਾਰ ਨੂੰ ਇਹ ਵੀ ਅਹਿਸਾਸ ਹੋਇਆ ਕਿ ਅਨੁਸੂਚਿਤ ਜਾਤੀਆਂ ਦੇ ਕੁਝ ਲੋਕ ਅਜੇ ਵੀ ਰਾਖਵੇਂਕਰਨ ਦੇ ਲਾਭਾਂ ਤੋਂ ਵਾਂਝੇ ਹਨ। ਅਨੁਸੂਚਿਤ ਜਾਤੀਆਂ ਲਈ ਰਾਖਵੇਂਕਰਨ ਵਿੱਚ ਵਰਗੀਕਰਨ ਲਾਗੂ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਇਹ ਲਾਭ ਦਿੱਤਾ ਜਾ ਸਕੇ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ।

ਉਨ੍ਹਾਂ ਕਿਹਾ ਕਿ ਸਰਕਾਰੀ ਸੇਵਾਵਾਂ ‘ਚ ਸਿੱਧੀ ਭਰਤੀ ‘ਚ ਅਨੁਸੂਚਿਤ ਜਾਤੀਆਂ ਲਈ ਰਾਖਵੇਂ 20 ਪ੍ਰਤੀਸ਼ਤ ਕੋਟੇ ‘ਚੋਂ ਅੱਧਾ ਭਾਵ 10 ਪ੍ਰਤੀਸ਼ਤ ਕੋਟਾ ਪਛੜੇ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਲਈ ਰਾਖਵਾਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਅਨੁਸੂਚਿਤ ਜਾਤੀਆਂ ਨੂੰ ਸ਼੍ਰੇਣੀ ਪਹਿਲੀ ਅਤੇ ਦੂਜੀ ਦੀਆਂ ਅਸਾਮੀਆਂ ‘ਚ 20 ਪ੍ਰਤੀਸ਼ਤ ਰਾਖਵਾਂਕਰਨ ਦਿੱਤਾ ਸੀ।

Read More: CM ਨਾਇਬ ਸਿੰਘ ਸੈਣੀ ਵੱਲੋਂ ਸਪੀਕਰ ਹਰਵਿੰਦਰ ਕਲਿਆਣ ਦੀ ਚਾਚੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

Scroll to Top