July 4, 2024 11:55 pm
Punjabi University

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ਉੱਤੇ ਲਾਇਆ ਪੱਕਾ ਮੋਰਚਾ

ਪਟਿਆਲਾ 19 ਦਸੰਬਰ 2023: ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਹੋਈ ਮੌਤ ਅਤੇ ਹੋਰ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੂੰ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ। ਜਸ਼ਨਦੀਪ ਕੌਰ ਦੀ ਹੋਈ ਮੌਤ ਅਤੇ ਹੋਰ ਵਿਦਿਆਰਥਣਾਂ ਤੇ ਵਿਦਿਆਰਥੀਆਂ ਨੂੰ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਦੇ ਮਾਮਲੇ ਵਿਚ ਘਿਰੇ ਯੂਨੀਵਰਸਿਟੀ ਦੇ ਇੱਕ ਪ੍ਰੋਫ਼ੈਸਰ ਖਿਲਾਫ਼ ਧਰਨੇ ਅਤੇ ਰੋਸ਼ ਪ੍ਰਦਰਸ਼ਨ ਹੋਏ।

ਬੀਤੇ ਦਿਨ ਇਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University) ਦੇ ਮੁੱਖ ਗੇਟ ਉੱਤੇ ਜਸ਼ਨਦੀਪ ਕੌਰ ਇਨਸਾਫ਼ ਮੋਰਚੇ ਵੱਲੋਂ ਇਨਸਾਫ਼ ਲਈ ਪੱਕੇ ਤੌਰ ਉੱਤੇ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਸਮਾਂ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਉੱਤੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਅਤੇ ਵਿਦਿਆਰਥਣਾਂ ਤੇ ਵਿਦਿਆਰਥੀਆਂ ਦੇ ਬਿਆਨਾਂ ਉੱਪਰ ਬਣੀ ਦੋ ਮੈਂਬਰੀ ਕਮੇਟੀ ਵਿੱਚ ਸਿੱਧ ਹੋਏ ਅਧਿਆਪਕ ਦੇ ਮਿਆਰ ਤੋਂ ਗਿਰੇ ਹੋਏ ਤੇ ਅਸ਼ਲੀਲ ਵਿਵਹਾਰ ਵਾਲੇ ਦੋਸ਼ੀ ਪ੍ਰੋਫੈਸਰ ਨੂੰ ਬਰਖਾਸਤ ਕਰਕੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ, ਉਨ੍ਹਾਂ ਸਮਾਂ ਸੰਘਰਸ਼ ਚੱਲਦਾ ਰਹੇਗਾ।

ਵਾਇਸ ਚਾਂਸਲਰ ਵੱਲੋਂ ਇਨਸਾਫ਼ ਦੀ ਲੜਾਈ ਲੜ ਰਹੇ 12 ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤਾਂ ਜ਼ੋ ਸੰਘਰਸ਼ ਨੂੰ ਦਬਾਇਆ ਜਾ ਸਕੇ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਾਰੀ ਹੋਏ ਤੁਗਲਕੀ ਆਦੇਸ਼ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਲਗਾਤਾਰ ਉਨ੍ਹਾਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਜਿਹੜੇ ਵਿਦਿਆਰਥੀਆਂ ਨੇ ਬਿਆਨ ਦਰਜ ਕਰਵਾਏ ਸਨ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਆਪਣੀਆਂ ਅਜਿਹੀਆਂ ਹਰਕਤਾਂ ਤੋਂ ਬਾਜ਼ ਆਵੇ। ਮੋਰਚਾ ਇਨਸਾਫ਼ ਤੱਕ ਲਗਾਤਾਰ ਅਣਮਿਥੇ ਸਮੇਂ ਲਈ ਦਿਨ-ਰਾਤ ਜਾਰੀ ਰਹੇਗਾ।