ਚੰਡੀਗੜ੍ਹ 25 ਨਵੰਬਰ 2023: ਪਾਕਿਸਤਾਨ ਦੇ ਸਪਿਨ ਆਲਰਾਊਂਡਰ ਇਮਾਦ ਵਸੀਮ (Imad Wasim) ਨੇ ਸ਼ੁੱਕਰਵਾਰ 24 ਨਵੰਬਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। 34 ਸਾਲਾ ਖਿਡਾਰੀ ਨੇ ਪਾਕਿਸਤਾਨ ਲਈ ਹੁਣ ਤੱਕ 55 ਵਨਡੇ ਅਤੇ 66 ਟੀ-20 ਮੈਚ ਖੇਡੇ ਹਨ। ਇਮਾਦ ਨੂੰ ਟੈਸਟ ਟੀਮ ‘ਚ ਜਗ੍ਹਾ ਨਹੀਂ ਮਿਲੀ।
ਵਸੀਮ (Imad Wasim) ਨੇ ਆਖਰੀ ਵਾਰ ਇਸ ਸਾਲ ਅਪ੍ਰੈਲ ‘ਚ ਨਿਊਜ਼ੀਲੈਂਡ ਖਿਲਾਫ ਟੀ-20 ਮੈਚ ‘ਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਸੀ। ਇਮਾਦ ਨੇ 2015 ਵਿੱਚ ਜ਼ਿੰਬਾਬਵੇ ਦੇ ਖਿਲਾਫ ਟੀ-20 ਅਤੇ ਉਸੇ ਸਾਲ ਸ਼੍ਰੀਲੰਕਾ ਖਿਲਾਫ ਵਨਡੇ ਡੈਬਿਊ ਕੀਤਾ ਸੀ। ਉਸ ਦਾ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਅੱਠ ਸਾਲ ਤੱਕ ਚੱਲਿਆ।
ਖੱਬੇ ਹੱਥ ਦੇ ਆਰਥੋਡਾਕਸ ਸਪਿਨਰ ਇਮਾਦ ਨੇ 55 ਵਨਡੇ ਮੈਚਾਂ ਵਿੱਚ 44 ਵਿਕਟਾਂ ਅਤੇ 66 ਟੀ-20 ਵਿੱਚ 65 ਵਿਕਟਾਂ ਲਈਆਂ। ਉਸ ਨੇ ਵਨਡੇ ‘ਚ 986 ਅਤੇ ਟੀ-20 ‘ਚ 486 ਦੌੜਾਂ ਬਣਾਈਆਂ ਹਨ।
ਇਮਾਦ ਪਾਕਿਸਤਾਨ ਸੁਪਰ ਲੀਗ (ਪੀਐਸਐਲ) ਵਿੱਚ ਕਰਾਚੀ ਕਿੰਗਜ਼ ਦਾ ਹਿੱਸਾ ਹੈ। ਉਹ ਹੰਡਰਡ, ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਅਤੇ ਲੰਕਾ ਪ੍ਰੀਮੀਅਰ ਲੀਗ (ਐਲਪੀਐਲ) ਦਾ ਵੀ ਹਿੱਸਾ ਰਿਹਾ ਹੈ। ਉਹ ਇੰਗਲਿਸ਼ ਕਾਊਂਟੀ ਕ੍ਰਿਕਟ ਵਿੱਚ ਵੀ ਖੇਡ ਚੁੱਕੇ ਹਨ।