ਚੰਡੀਗ੍ਹੜ, 06 ਅਪ੍ਰੈਲ, 2024: ਪਾਕਿਸਤਾਨੀ ਦੀ ਬੀਬੀਆਂ ਦੀ ਕ੍ਰਿਕਟ ਟੀਮ (women’s cricket team) ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਕਪਤਾਨ ਬਿਸਮਾਹ ਮਾਰੂਫ (Bismah Maroof) ਅਤੇ ਲੈੱਗ ਸਪਿਨਰ ਗੁਲਾਮ ਫਾਤਿਮਾ (Ghulam Fatima) ਬੀਤੇ ਦਿਨ ਸ਼ਾਮ ਨੂੰ ਇੱਕ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਈਆਂ । ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਪੁਸ਼ਟੀ ਕੀਤੀ ਹੈ ਕਿ ਦੋਵਾਂ ਖਿਡਾਰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਬਾਅਦ ਮਾਰੂਫ ਅਤੇ ਫਾਤਿਮਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੂੰ ਜ਼ਰੂਰੀ ਮੁੱਢਲੀ ਸਹਾਇਤਾ ਦਿੱਤੀ ਗਈ ਸੀ ਅਤੇ ਵਰਤਮਾਨ ਵਿੱਚ ਪੀਸੀਬੀ ਮੈਡੀਕਲ ਟੀਮ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ।
ਇਹ ਮੰਦਭਾਗੀ ਘਟਨਾ ਉਸ ਸਮੇਂ ਵਾਪਰੀ ਜਦੋਂ ਟੀਮ (women’s cricket team) ਘਰੇਲੂ ਮੈਦਾਨ ‘ਤੇ ਇਕ ਮਹੱਤਵਪੂਰਨ ਸੀਰੀਜ਼ ਦੀ ਤਿਆਰੀ ਕਰ ਰਹੀ ਸੀ। ਪਾਕਿਸਤਾਨ ਨੂੰ ਤਿੰਨ ਆਈਸੀਸੀ ਵੂਮੈਨ ਚੈਂਪੀਅਨਸ਼ਿਪ ਵਨਡੇ ਅਤੇ ਪੰਜ ਟੀ-20 ਮੈਚਾਂ ਦੀ ਲੜੀ ਲਈ ਵੈਸਟਇੰਡੀਜ਼ ਦੀ ਮੇਜ਼ਬਾਨੀ ਕਰਨੀ ਹੈ। ਇਹ ਮੈਚ ਪਾਕਿਸਤਾਨ ਲਈ ਮਹੱਤਵਪੂਰਨ ਹਨ ਕਿਉਂਕਿ ਉਹ ਇਸ ਸਾਲ ਦੇ ਅੰਤ ਵਿੱਚ ਬੰਗਲਾਦੇਸ਼ ਵਿੱਚ ਹੋਣ ਵਾਲੇ ਆਗਾਮੀ ਆਈਸੀਸੀ ਵੂਮੈਨ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦਾ ਹਿੱਸਾ ਹਨ।