July 7, 2024 3:46 pm
Balochistan

ਪਾਕਿਸਤਾਨ: ਚੋਣਾਂ ਤੋਂ ਇੱਕ ਦਿਨ ਪਹਿਲਾਂ ਬਲੋਚਿਸਤਾਨ ‘ਚ ਦੋ ਧਮਾਕੇ, 27 ਜਣਿਆਂ ਦੀ ਮੌਤ

ਚੰਡੀਗੜ੍ਹ, 7 ਫਰਵਰੀ 2024: ਪਾਕਿਸਤਾਨ ਚੋਣਾਂ ਤੋਂ ਇੱਕ ਦਿਨ ਪਹਿਲਾਂ ਬਲੋਚਿਸਤਾਨ (Balochistan) ਵਿੱਚ ਦੋ ਧਮਾਕੇ ਹੋਏ। ਪਹਿਲਾ ਧਮਾਕਾ ਪਿਸ਼ਿਨ ਸ਼ਹਿਰ ਵਿੱਚ ਹੋਇਆ। ਇਨ੍ਹਾਂ ਧਮਾਕਿਆਂ ‘ਚ 27 ਜਣਿਆਂ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋ ਸਕਦਾ ਹੈ | ਪਾਕਿਸਤਾਨੀ ਮੀਡੀਆ ਜੀਓ ਨਿਊਜ਼ ਮੁਤਾਬਕ ਇਹ ਧਮਾਕਾ ਆਜ਼ਾਦ ਉਮੀਦਵਾਰ ਅਸਫੰਦ ਯਾਰ ਖਾਨ ਕਾਕੜ ਦੇ ਦਫ਼ਤਰ ਦੇ ਬਾਹਰ ਹੋਇਆ। ਧਮਾਕੇ ਸਮੇਂ ਕਾਕੜ ਦਫ਼ਤਰ ਵਿੱਚ ਮੌਜੂਦ ਨਹੀਂ ਸਨ।

ਇਸ ਦੇ ਨਾਲ ਹੀ ਬਲੋਚਿਸਤਾਨ (Balochistan) ਦੇ ਕਿਲਾ ਸੈਫੁੱਲਾ ਵਿੱਚ ਜੇਯੂਆਈ-ਐਫ ਪਾਰਟੀ ਦੇ ਉਮੀਦਵਾਰ ਮੌਲਾਨਾ ਅਬਦੁਲ ਵਾਸੇ ਦੇ ਦਫ਼ਤਰ ਦੇ ਬਾਹਰ ਦੂਜਾ ਧਮਾਕਾ ਹੋਇਆ। ਉਹ ਸੁਰੱਖਿਅਤ ਹਨ। ਹਾਲਾਂਕਿ ਇਸ ਹਮਲੇ ‘ਚ 12 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 10 ਜ਼ਖਮੀ ਹੋਏ ਹਨ। ਦੋਵਾਂ ਧਮਾਕਿਆਂ ਵਿੱਚ ਕੁੱਲ 27 ਜਣਿਆਂ ਦੀ ਮੌਤ ਹੋ ਗਈ ਹੈ।

ਪਾਕਿਸਤਾਨ ਵਿੱਚ 8 ਫਰਵਰੀ ਨੂੰ ਆਮ ਚੋਣਾਂ ਹਨ ਅਤੇ ਸਾਰੇ ਸੂਬਿਆਂ ਵਿੱਚ ਚੋਣਾਂ ਹਨ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਬਲੋਚਿਸਤਾਨ ਦੇ ਮੁੱਖ ਸਕੱਤਰ ਅਤੇ ਪੁਲਿਸ ਤੋਂ ਹਮਲਿਆਂ ਸਬੰਧੀ ਰਿਪੋਰਟ ਮੰਗੀ ਹੈ।

ਬਲੋਚਿਸਤਾਨ ਦੇ ਕੇਅਰਟੇਕਰ ਸੂਚਨਾ ਮੰਤਰੀ ਜਾਨ ਅਚਕਜ਼ਈ ਨੇ ਕਿਹਾ- ਪਹਿਲੇ ਧਮਾਕੇ ਦੀ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਵਿਸਫੋਟਕ ਸਮੱਗਰੀ ਬਾਈਕ ‘ਚ ਰੱਖੀ ਗਈ ਸੀ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਦੂਜੇ ਧਮਾਕੇ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਇਧਰ ਬਲੋਚਿਸਤਾਨ ਦੇ ਮੁੱਖ ਮੰਤਰੀ ਅਲੀ ਮਰਦਾਨ ਖਾਨ ਡੋਮਕੀ ਨੇ ਹਮਲਿਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ- ਅਜਿਹੀਆਂ ਘਟਨਾਵਾਂ ਸ਼ਾਂਤੀਪੂਰਨ ਚੋਣ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹਨ।