ਇਮਰਾਨ ਖਾਨ

Pakistan: ਸੁਪਰੀਮ ਕੋਰਟ ਨੇ ਵਕੀਲ ਕਤਲ ਮਾਮਲੇ ‘ਚ ਇਮਰਾਨ ਖਾਨ ਦੀ ਗ੍ਰਿਫਤਾਰੀ ‘ਤੇ ਲਗਾਈ ਰੋਕ

ਚੰਡੀਗੜ੍ਹ, 24 ਜੁਲਾਈ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਪੇਸ਼ ਹੋਏ। ਸੁਪਰੀਮ ਅਦਾਲਤ ਨੇ ਕਵੇਟਾ ਦੇ ਇੱਕ ਉੱਘੇ ਵਕੀਲ ਦੇ ਕਤਲ ਨਾਲ ਸਬੰਧਤ ਮਾਮਲੇ ਵਿੱਚ ਅਧਿਕਾਰੀਆਂ ਨੂੰ 9 ਅਗਸਤ ਤੱਕ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਨ ਤੋਂ ਰੋਕ ਦਿੱਤਾ ਹੈ।

ਡਾਨ ਅਖਬਾਰ ਦੀ ਖ਼ਬਰ ਮੁਤਾਬਕ, ਜਸਟਿਸ ਯਾਹੀਆ ਅਫਰੀਦੀ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਇਹ ਨਿਰਦੇਸ਼ ਦਿੱਤੇ ਹਨ। 6 ਜੂਨ ਨੂੰ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਵਿੱਚ ਸੀਨੀਅਰ ਵਕੀਲ ਅਬਦੁਲ ਰਜ਼ਾਕ ਸ਼ਾਰ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਉਸ ਵੇਲੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਬਲੋਚਿਸਤਾਨ ਹਾਈਕੋਰਟ ਵਿੱਚ ਇੱਕ ਅਹਿਮ ਸੁਣਵਾਈ ਲਈ ਅਦਾਲਤ ਜਾ ਰਹੇ ਸਨ। ਇੱਕ ਦਿਨ ਬਾਅਦ, ਪੁਲਿਸ ਨੇ ਵਕੀਲ ਦੇ ਬੇਟੇ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਅਤੇ ਪਹਿਲੀ ਸੂਚਨਾ ਰਿਪੋਰਟ (ਐਫਆਈਆਰ) ਵਿੱਚ ਇਮਰਾਨ ਖਾਨ ਦਾ ਨਾਂ ਲਿਆ।

ਵਕੀਲ ਅਬਦੁਲ ਰਜ਼ਾਕ ਸ਼ਾਰ ਨੇ ਬਲੋਚਿਸਤਾਨ ਹਾਈਕੋਰਟ ਵਿੱਚ ਖਾਨ (Imran Khan) ਦੇ ਖਿਲਾਫ ਇੱਕ ਸੰਵਿਧਾਨਕ ਪਟੀਸ਼ਨ ਦਾਇਰ ਕਰਕੇ ਸਾਬਕਾ ਪ੍ਰਧਾਨ ਮੰਤਰੀ ਦੇ ਖਿਲਾਫ ਧਾਰਾ 6 ਦੇ ਤਹਿਤ ਕਾਰਵਾਈ ਦੀ ਮੰਗ ਕੀਤੀ, ਜੋ ਦੇਸ਼ਧ੍ਰੋਹ ਨਾਲ ਸਬੰਧਤ ਹੈ। ਫੈਡਰਲ ਸਰਕਾਰ ਅਤੇ ਪੀਟੀਆਈ ਨੇ ਇਸ ਘਟਨਾ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ, ਦੋਵਾਂ ਧਿਰਾਂ ਨੇ ਕਤਲ ਵਿਚ ਇਕ-ਦੂਜੇ ਦੀ ਭੂਮਿਕਾ ਦਾ ਦੋਸ਼ ਲਾਇਆ।

Scroll to Top