July 4, 2024 9:02 pm
Wikipedia

Pakistan: ਪਾਕਿਸਤਾਨ ਨੇ ਵਿਕੀਪੀਡੀਆ ਦੀ ਵੈੱਬਸਾਈਟ ‘ਤੇ ਲਗਾਈ ਪਾਬੰਦੀ

ਲੁਧਿਆਣਾ, 04 ਫਰਵਰੀ 2023: ਪਾਕਿਸਤਾਨ ‘ਚ ਵਿਕੀਪੀਡੀਆ (Wikipedia) ਦੀ ਸਾਈਟ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦਰਅਸਲ, ਪਾਕਿਸਤਾਨੀ ਸਰਕਾਰ ਨੇ ਵਿਕੀਪੀਡੀਆ ਨੂੰ ਆਪਣੀ ਵੈੱਬਸਾਈਟ ਤੋਂ ਈਸ਼ਨਿੰਦਾ ਸਮੱਗਰੀ ਹਟਾਉਣ ਲਈ ਕਿਹਾ ਸੀ। ਇਸ ਨੂੰ ਲੈ ਕੇ ਪਾਕਿਸਤਾਨ ‘ਚ ਕਾਫੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਨੇ ਵਿਕੀਪੀਡੀਆ ਨੂੰ ਕਾਰਵਾਈ ਕਰਨ ਲਈ 48 ਘੰਟਿਆਂ ਦਾ ਸਮਾਂ ਦਿੱਤਾ। ਹਾਲਾਂਕਿ ਵਿਕੀਪੀਡੀਆ ਨੇ ਪਾਕਿਸਤਾਨ ਦੀ ਮੰਗ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜਿਸ ਤੋਂ ਬਾਅਦ ਇਸ ਵੈੱਬਸਾਈਟ ਦੀਆਂ ਸੇਵਾਵਾਂ ‘ਤੇ ਦੇਸ਼ ਭਰ ‘ਚ ਪਾਬੰਦੀ ਲਗਾ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਟੈਲੀਕਾਮ ਰੈਗੂਲੇਟਰ ਨੇ ਦੇਸ਼ ਭਰ ‘ਚ ਵਿਕੀਪੀਡੀਆ (Wikipedia) ਦੀਆਂ ਸੇਵਾਵਾਂ ਨੂੰ 48 ਘੰਟਿਆਂ ਲਈ ਹੌਲੀ ਕਰ ਦਿੱਤਾ ਸੀ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਵਿਕੀਪੀਡੀਆ ਨੇ ਈਸ਼ਨਿੰਦਾ ਨਾਲ ਸਬੰਧਤ ਸਮੱਗਰੀ ਨੂੰ ਨਾ ਹਟਾਇਆ ਤਾਂ ਇਹ ਵੈੱਬਸਾਈਟ ਨੂੰ ਪੂਰੀ ਤਰ੍ਹਾਂ ਬਲਾਕ ਕਰ ਦੇਵੇਗਾ। ਇਸ ਮਾਮਲੇ ‘ਚ ਪਾਕਿਸਤਾਨ ਦੀ ਹਾਈ ਕੋਰਟ ਨੇ ਵੀ ਟੈਲੀਕਾਮ ਰੈਗੂਲੇਟਰੀ ਨੂੰ ਵਿਕੀਪੀਡੀਆ ‘ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ।

ਖਬਰਾਂ ਮੁਤਾਬਕ ਵਿਕੀਪੀਡੀਆ ਨੂੰ ਇਸ ਮਾਮਲੇ ‘ਚ ਆਪਣਾ ਪੱਖ ਪੇਸ਼ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਨਾ ਤਾਂ ਵੈਬਸਾਈਟ ਨੇ ਨੋਟਿਸ ਦਾ ਜਵਾਬ ਦਿੱਤਾ ਅਤੇ ਨਾ ਹੀ ਈਸ਼ਨਿੰਦਾ ਸਮੱਗਰੀ ਨੂੰ ਹਟਾਇਆ। ਦੂਰਸੰਚਾਰ ਅਥਾਰਟੀ ਦੇ ਅਨੁਸਾਰ, ਵਿਕੀਪੀਡੀਆ ਦੁਆਰਾ ਅਜਿਹੀ ਈਸ਼ਨਿੰਦਾ ਸਮੱਗਰੀ ਨੂੰ ਹਟਾਉਣ ਤੋਂ ਬਾਅਦ ਹੀ ਇਸਨੂੰ ਪਾਕਿਸਤਾਨ ਵਿੱਚ ਮੁੜ ਚਾਲੂ ਕੀਤਾ ਜਾਵੇਗਾ।