ਲੰਡਨ, 31 ਮਈ 2025: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਲੰਡਨ ਵਿੱਚ ਆਯੋਜਿਤ ਆਈਡੀਆਜ਼ ਫਾਰ ਇੰਡੀਆ 2025 ਕਾਨਫਰੰਸ ‘ਚ ਅੱ.ਤ.ਵਾ.ਦ ਨਾਲ ਪਾਕਿਸਤਾਨ ਦੇ ਡੂੰਘੇ ਸਬੰਧਾਂ ਨੂੰ ਲੈ ਕੇ ਆਲੋਚਨਾ ਕੀਤੀ। ਉਨ੍ਹਾਂ ਨੇ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਨੂੰ ਪੀੜਤ ਵਜੋਂ ਦੇਖਣਾ ਬੰਦ ਕਰੇ ਅਤੇ ਅੱ.ਤ.ਵਾ.ਦ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਏ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ, “ਝੂਠ ਅਤੇ ਕਰਜ਼ਾ ਇਕੱਠੇ ਨਹੀਂ ਚੱਲ ਸਕਦੇ। ਕੂਟਨੀਤੀ ਅਤੇ ਧੋਖਾ ਇਕੱਠੇ ਨਹੀਂ ਚੱਲ ਸਕਦੇ, ਅੱ.ਤ.ਵਾਦ ਅਤੇ ਸਹਿਣਸ਼ੀਲਤਾ ਇਕੱਠੇ ਨਹੀਂ ਚੱਲ ਸਕਦੇ ਅਤੇ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ।”
ਰਾਘਵ ਚੱਢਾ ਨੇ ਵਿਸ਼ਵ ਭਾਈਚਾਰੇ ਤੋਂ ਮੰਗ ਕੀਤੀ ਕਿ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਹਰ ਤਰ੍ਹਾਂ ਦੀ ਆਰਥਿਕ ਅਤੇ ਹੋਰ ਮਦਦ ਤੁਰੰਤ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ, “ਭਾਰਤ ਸਿਹਤ, ਸਿੱਖਿਆ, ਵਿਗਿਆਨ, ਤਕਨਾਲੋਜੀ ਅਤੇ ਖੋਜ ‘ਚ ਨਿਵੇਸ਼ ਕਰ ਰਿਹਾ ਹੈ। ਪਰ ਪਾਕਿਸਤਾਨ ਸਿਰਫ਼ ਫੌਜੀ ਸ਼ਕਤੀ ਅਤੇ ਕੱਟੜਪੰਥੀਵਾਦ ਵਿੱਚ ਨਿਵੇਸ਼ ਕਰ ਰਿਹਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੂੰ ਸੋਚਣਾ ਚਾਹੀਦਾ ਹੈ ਕਿ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਕਿੱਥੇ ਜਾ ਰਹੀ ਹੈ। ਕੀ ਇਹ ਪੈਸਾ ਸਿਹਤ, ਸਿੱਖਿਆ, ਜਾਂ ਬੁਨਿਆਦੀ ਢਾਂਚੇ ਦੇ ਨਿਰਮਾਣ ‘ਤੇ ਖਰਚ ਕੀਤਾ ਜਾ ਰਿਹਾ ਹੈ? ਹੁਣ ਸਮਾਂ ਆ ਗਿਆ ਹੈ ਕਿ ਦੁਨੀਆ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਝੂਠ ਅਤੇ ਕਰਜ਼ਾ ਇਕੱਠੇ ਨਹੀਂ ਚੱਲ ਸਕਦੇ।”
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਨੀਤੀਆਂ ਅਤੇ ਅੱ.ਤ.ਵਾ.ਦ ਨੂੰ ਉਤਸ਼ਾਹਿਤ ਕਰਨ ਦੀ ਇਸਦੀ ਰਣਨੀਤੀ ਖੇਤਰੀ ਅਤੇ ਵਿਸ਼ਵ ਸ਼ਾਂਤੀ ਲਈ ਖ਼ਤਰਾ ਹੈ। ਉਨ੍ਹਾਂ ਨੇ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਦੀ ਅਸਲੀਅਤ ਨੂੰ ਸਮਝਣ ਅਤੇ ਅੱਤਵਾਦ ਵਿਰੁੱਧ ਸਖ਼ਤ ਸਟੈਂਡ ਲੈਣ।
ਆਪ ਸੰਸਦ ਮੈਂਬਰ ਰਾਘਵ ਚੱਢਾ ਨੇ ਭਾਰਤ ਦੇ ਆਪ੍ਰੇਸ਼ਨ ਸੰਧੂਰ ਨੂੰ ਸਰਹੱਦ ਪਾਰ ਅੱ.ਤ.ਵਾ.ਦ ਵਿਰੁੱਧ ਇੱਕ ਉਦਾਹਰਣ ਦੱਸਿਆ। ਉਨ੍ਹਾਂ ਇਸਨੂੰ ਸਟੀਕ ਰਣਨੀਤੀ ਅਤੇ ਨੈਤਿਕਤਾ ਦੀ ਇੱਕ ਵਧੀਆ ਉਦਾਹਰਣ ਕਿਹਾ। ਉਨ੍ਹਾਂ ਕਿਹਾ, “ਭਾਰਤ ਨੇ ਆਪ੍ਰੇਸ਼ਨ ਸਿੰਦੂਰ ਰਾਹੀਂ ਇੱਕ ਸ਼ਾਂਤੀਪੂਰਨ, ਸਟੀਕ ਅਤੇ ਯੋਜਨਾਬੱਧ ਜਵਾਬ ਦਿੱਤਾ। ਅਸੀਂ ਪਾਕਿਸਤਾਨ ਵਿੱਚ ਸਰਹੱਦ ਪਾਰ ਮੌਜੂਦ ਅੱ.ਤ.ਵਾ.ਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ, ਨਾ ਕਿ ਨਾਗਰਿਕਾਂ ਜਾਂ ਫੌਜੀ ਠਿਕਾਣਿਆਂ ਨੂੰ। ਇਹ ਭਾਰਤ ਦੀ ਤਾਕਤ ਅਤੇ ਸਵੈ-ਨਿਰਭਰਤਾ ਦਾ ਸਬੂਤ ਹੈ।”
ਉਨ੍ਹਾਂ ਕਿਹਾ, “ਭਾਰਤ ਹਮੇਸ਼ਾ ਸ਼ਾਂਤੀ ਅਤੇ ਦੋਸਤੀ ਦੇ ਹੱਕ ‘ਚ ਰਿਹਾ ਹੈ, ਪਰ ਜੇਕਰ ਕੋਈ ਕੁਝ ਗਲਤ ਕਰਦਾ ਹੈ, ਤਾਂ ਸਾਡੀ ਦੋਸਤੀ ਦਾ ਹੱਥ ਬਦਲੇ ਦੀ ਮੁੱਠੀ ‘ਚ ਬਦਲ ਸਕਦਾ ਹੈ।” ਆਪ੍ਰੇਸ਼ਨ ਸੰਧੂਰ ਨੇ ਨਾ ਸਿਰਫ਼ ਭਾਰਤ ਦੀ ਫੌਜੀ ਸਮਰੱਥਾ ਦਿਖਾਈ, ਸਗੋਂ ਪੂਰੀ ਦੁਨੀਆ ਨੇ ਸਵਦੇਸ਼ੀ ਤੌਰ ‘ਤੇ ਬਣੇ ਹਥਿਆਰਾਂ ਦੀ ਤਾਕਤ ਦੇਖੀ।
‘ਆਪ’ ਸੰਸਦ ਮੈਂਬਰ ਰਾਘਵ ਚੱਢਾ ਨੇ ਭਾਰਤ ਦੀ ਰਣਨੀਤਕ ਆਜ਼ਾਦੀ, ਵਿਸ਼ਵ ਪ੍ਰਭਾਵ ਅਤੇ ਗਲੋਬਲ ਉੱਤਰ ਅਤੇ ਦੱਖਣ ਵਿਚਕਾਰ ਇੱਕ ਪੁਲ ਦੀ ਭੂਮਿਕਾ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਆਪਣੇ ਭਾਸ਼ਣ ‘ਚ ਰਾਘਵ ਚੱਢਾ ਨੇ ਦੁਨੀਆ ਨੂੰ ਭਾਰਤ ਦੀ ਆਰਥਿਕ ਤਾਕਤ ਵੀ ਪੇਸ਼ ਕੀਤੀ। ਉਨ੍ਹਾਂ ਕਿਹਾ, “ਅੱਜ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਜਦੋਂ ਕਿ ਦੁਨੀਆ ਵਪਾਰ ਅਤੇ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ, ਭਾਰਤ ਇੱਕ ਪ੍ਰਮੁੱਖ ਵਿਕਾਸ ਕੇਂਦਰ ਵਜੋਂ ਉੱਭਰ ਰਿਹਾ ਹੈ। ਜਦੋਂ ਕਿ ਭਾਰਤ ਸਾਫਟਵੇਅਰ, ਸਿੱਖਿਆ ਅਤੇ ਤਕਨਾਲੋਜੀ ਦਾ ਨਿਰਯਾਤ ਕਰਦਾ ਹੈ, ਪਾਕਿਸਤਾਨ ਸਿਰਫ ਇੱਕ ਚੀਜ਼ ਦਾ ਨਿਰਯਾਤ ਕਰਦਾ ਹੈ, ਅਤੇ ਉਹ ਹੈ ਅੱਤਵਾਦ।”
ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ਼ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਰਿਹਾ ਹੈ, ਸਗੋਂ ਭੂ-ਰਾਜਨੀਤਿਕ ਸਥਿਰਤਾ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਆਪ ਸੰਸਦ ਮੈਂਬਰ ਨੇ ਭਾਰਤ ਅਤੇ ਯੂਨਾਈਟਿਡ ਕਿੰਗਡਮ (ਯੂਕੇ) ਵਿਚਕਾਰ ਡੂੰਘੇ ਸਬੰਧਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਵਿਸ਼ਵਵਿਆਪੀ ਆਰਥਿਕ ਅਤੇ ਭੂ-ਰਾਜਨੀਤਿਕ ਦ੍ਰਿਸ਼ ਬਦਲ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਭਾਰਤ ਅਤੇ ਯੂਕੇ ਕੋਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੁਨਹਿਰੀ ਮੌਕਾ ਹੈ। ਯੂਕੇ-ਭਾਰਤ ਮੁਕਤ ਵਪਾਰ ਸਮਝੌਤਾ (ਐਫਟੀਏ) ਇਸ ਦਿਸ਼ਾ ‘ਚ ਇੱਕ ਮਹੱਤਵਪੂਰਨ ਕਦਮ ਹੈ। ਇਹ ਨਾ ਸਿਰਫ਼ ਵਪਾਰ ਨੂੰ ਵਧਾਏਗਾ ਬਲਕਿ ਦੋਵਾਂ ਦੇਸ਼ਾਂ ਵਿਚਕਾਰ ਤਕਨੀਕੀ ਅਤੇ ਰਣਨੀਤਕ ਸਹਿਯੋਗ ਨੂੰ ਵੀ ਡੂੰਘਾ ਕਰੇਗਾ।”
ਉਨ੍ਹਾਂ ਇਸ ਕਾਨਫਰੰਸ ਨੂੰ ਭਾਰਤ ਦੇ ਅਗਲੇ ਦਹਾਕੇ ਲਈ ਵਪਾਰ, ਨਿਵੇਸ਼ ਅਤੇ ਨੀਤੀਗਤ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਲੇਟਫਾਰਮ ਦੱਸਿਆ। ਉਨ੍ਹਾਂ ਕਿਹਾ, “ਮੈਂ ਇਸ ਸਮਾਗਮ ‘ਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਭਾਰਤ ਦੇ ਵਿਕਾਸ ਦੇ ਅਗਲੇ ਕਦਮਾਂ ‘ਤੇ ਚਰਚਾ ਕਰਨ ਲਈ ਉਤਸ਼ਾਹਿਤ ਹਾਂ।”
ਆਈਡੀਆਜ਼ ਫਾਰ ਇੰਡੀਆ ਕਾਨਫਰੰਸ ਲੰਡਨ ਦੇ ਰਾਇਲ ਲੈਂਕੈਸਟਰ ਵਿਖੇ ਯੂਕੇ ਦੇ ਵੱਕਾਰੀ ਥਿੰਕ ਟੈਂਕ ਬ੍ਰਿਜ ਇੰਡੀਆ ਦੁਆਰਾ ਆਯੋਜਿਤ ਕੀਤੀ ਗਈ ਹੈ। ਇਹ ਕਾਨਫਰੰਸ ਇੰਡੀਆ ਵੀਕ ਦਾ ਮੁੱਖ ਹਿੱਸਾ ਹੈ, ਜੋ ਕਿ ਭਾਰਤ ਦੇ ਆਰਥਿਕ ਅਤੇ ਵਿਸ਼ਵਵਿਆਪੀ ਵਿਕਾਸ ‘ਤੇ ਕੇਂਦ੍ਰਿਤ ਇੱਕ ਮਹੱਤਵਪੂਰਨ ਪਲੇਟਫਾਰਮ ਹੈ।
ਇਸ ‘ਚ 1,100 ਤੋਂ ਵੱਧ ਨੀਤੀ ਨਿਰਮਾਤਾਵਾਂ, ਉਦਯੋਗਪਤੀਆਂ, ਨਿਵੇਸ਼ਕਾਂ, ਸਿੱਖਿਆ ਸ਼ਾਸਤਰੀਆਂ ਅਤੇ ਭਾਰਤੀ ਪ੍ਰਵਾਸੀਆਂ ਦੇ ਲੋਕਾਂ ਨੇ ਹਿੱਸਾ ਲਿਆ। ਇੰਡੀਆ ਵੀਕ ਹਰ ਸਾਲ ਦੁਨੀਆ ਭਰ ਦੇ ਨੀਤੀ ਨਿਰਮਾਤਾਵਾਂ, ਉਦਯੋਗਪਤੀਆਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਇਕੱਠਾ ਕਰਦਾ ਹੈ। ਇਸ ਕਾਨਫਰੰਸ ਵਿੱਚ ਕਈ ਵੱਡੇ ਨਾਮ ਪਹਿਲਾਂ ਹੀ ਹਿੱਸਾ ਲੈ ਚੁੱਕੇ ਹਨ |
ਇਸ ਮਹੀਨੇ ਦੇ ਸ਼ੁਰੂ ‘ਚ 21 ਮਈ ਨੂੰ ਰਾਘਵ ਚੱਢਾ ਨੇ ਦੱਖਣੀ ਕੋਰੀਆ ਦੇ ਸਿਓਲ ‘ਚ ਹੋਈ ਏਸ਼ੀਅਨ ਲੀਡਰਸ਼ਿਪ ਕਾਨਫਰੰਸ 2025 ‘ਚ ਪਹਿਲਗਾਮ ‘ਚ ਪਾਕਿਸਤਾਨ ਸਮਰਥਿਤ ਅੱ.ਤ.ਵਾ.ਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਸੀ। ਆਪ੍ਰੇਸ਼ਨ ਸੰਧੂਰ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਕਿਹਾ, “ਭਾਰਤ ਹੁਣ ਸਿਰਫ਼ ਅੱ.ਤ.ਵਾ.ਦ ਵਿਰੁੱਧ ਸੋਗ ਨਹੀਂ ਮਨਾਉਂਦਾ, ਸਗੋਂ ਸਟੀਕ ਅਤੇ ਫੈਸਲਾਕੁੰਨ ਫੌਜੀ ਕਾਰਵਾਈ ਰਾਹੀਂ ਜਵਾਬ ਦਿੰਦਾ ਹੈ। ਭਾਰਤ ਸ਼ਾਂਤੀ ਵਿੱਚ ਵਿਸ਼ਵਾਸ ਰੱਖਦਾ ਹੈ, ਪਰ ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।”
Read more: MP ਰਾਘਵ ਚੱਢਾ ਨੂੰ ਵੱਕਾਰੀ ‘ਆਈਡੀਆਜ਼ ਫਾਰ ਇੰਡੀਆ’ ਕਾਨਫਰੰਸ ਲਈ ਮਿਲਿਆ ਸੱਦਾ