Maryam Nawaz

ਪਾਕਿਸਤਾਨ: ਮਰੀਅਮ ਨਵਾਜ਼ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬਣਨ ਵਾਲੀ ਪਹਿਲੀ ਬੀਬੀ

ਚੰਡੀਗੜ੍ਹ, 23 ਫਰਵਰੀ 2024: ਪਾਕਿਸਤਾਨ ਦੀ ਰਾਜਨੀਤੀ ਵਿੱਚ ਵੱਡੇ ਬਦਲਾਅ ਆਉਣ ਦੇ ਸੰਕੇਤ ਮਿਲ ਰਹੇ ਹਨ। ਲਹਿੰਦੇ ਪੰਜਾਬ ਸੂਬੇ ‘ਚ ਪਹਿਲੀ ਵਾਰ ਕਿਸੇ ਬੀਬੀ ਨੂੰ ਮੁੱਖ ਮੰਤਰੀ ਦਾ ਅਹੁਦਾ ਮਿਲੇਗਾ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਅਤੇ ਪੀਐੱਮਐੱਲ-ਐੱਨ ਦੀ ਆਗੂ ਮਰੀਅਮ ਨਵਾਜ਼ (Maryam Nawaz) ਲਹਿੰਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਬਣੇਗੀ।

ਜਿਕਰਯੋਗ ਹੈ ਕਿ 8 ਫਰਵਰੀ ਨੂੰ ਪਾਕਿਸਤਾਨ ਵਿੱਚ ਸੰਸਦੀ ਅਤੇ ਸੂਬਾਈ ਚੋਣਾਂ ਲਈ ਵੋਟਿੰਗ ਹੋਈ ਸੀ। ਪੀਐਮਐਲ-ਐਨ ਕੇਂਦਰ ਵਿੱਚ ਵੀ ਗੱਠਜੋੜ ਦੀ ਸਰਕਾਰ ਬਣਾ ਰਹੀ ਹੈ। ਮਰੀਅਮ ਨਵਾਜ਼ ਲਹਿੰਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਮਰੀਅਮ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ ਦੇਸ਼ ਦੀ ਪਹਿਲੀ ਬੀਬੀ ਆਗੂ ਹੋਣ ਦਾ ਮਾਣ ਵੀ ਹਾਸਲ ਕਰੇਗੀ।

50 ਸਾਲਾ ਆਗੂ ਮਰੀਅਮ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਪਾਰਟੀ ਦੀ ਸੀਨੀਅਰ ਉਪ ਪ੍ਰਧਾਨ ਵੀ ਹੈ। ਮਰੀਅਮ ਦੇ ਸਹੁੰ ਚੁੱਕ ਸਮਾਗਮ ਦੀ ਚਰਚਾ ਇਸ ਲਈ ਵੀ ਵੱਧ ਰਹੀ ਹੈ ਕਿਉਂਕਿ 8 ਫਰਵਰੀ ਨੂੰ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਦੇਸ਼ ਦੇ ਪੰਜ ਸੂਬਿਆਂ ਵਿੱਚੋਂ ਪੰਜਾਬ ਪਹਿਲੀ ਸੂਬਾਈ ਅਸੈਂਬਲੀ ਹੈ, ਜਿਸ ਦੇ ਉਦਘਾਟਨੀ ਇਜਲਾਸ ਦਾ ਐਲਾਨ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਵਿਧਾਨ ਸਭਾ ਇਜਲਾਸ ਦੀ ਸ਼ੁਰੂਆਤ ਤੋਂ ਬਾਅਦ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਦੇ ਨਾਲ ਹੀ ਨਵੀਂ ਸਰਕਾਰ ਦਾ ਗਠਨ ਸ਼ੁਰੂ ਹੋ ਜਾਵੇਗਾ।

ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ, ਗਵਰਨਰ ਹਾਊਸ ਦੇ ਬੁਲਾਰੇ ਨੇ ਕਿਹਾ, ਲਹਿੰਦੇ ਪੰਜਾਬ ਸੂਬੇ ਦੇ ਗਵਰਨਰ ਬਲੀਗੁਰ ਰਹਿਮਾਨ ਨੇ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੱਦਿਆ ਹੈ। ਰਿਪੋਰਟਾਂ ਮੁਤਾਬਕ ਮਰੀਅਮ ਨੂੰ ਮੁੱਖ ਮੰਤਰੀ ਨੂੰ ਦਿੱਤੀ ਗਈ ਸੁਰੱਖਿਆ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਆਮ ਤੌਰ ‘ਤੇ ਮੁੱਖ ਮੰਤਰੀ ਨੂੰ ਦਿੱਤਾ ਜਾਣ ਵਾਲਾ ਪ੍ਰੋਟੋਕੋਲ ਮਰੀਅਮ ਨੂੰ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ ਉਨ੍ਹਾਂ ਨੇ ਸੂਬੇ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਨਿਭਾਅ ਰਹੇ ਨੌਕਰਸ਼ਾਹਾਂ ਨਾਲ ਬੈਠਕਾਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਜਿਕਰਯੋਗ ਹੈ ਕਿ ਪੀਐਮਐਲ-ਐਨ ਨੇ ਨਵਾਜ਼ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਵਜੋਂ ਨਾਮਜ਼ਦ ਕੀਤਾ ਹੈ। ਪੀਐਮਐਲ-ਐਨ ਨੂੰ ਲਹਿੰਦੇ ਪੰਜਾਬ ਸੂਬੇ ਵਿੱਚ 137 ਸੀਟਾਂ ਮਿਲੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰਾਂ ਨੇ 113 ਸੀਟਾਂ ਜਿੱਤੀਆਂ ਹਨ। ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਅੰਤਿਮ ਚੋਣ ਨਤੀਜਿਆਂ ਮੁਤਾਬਕ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਨੇ 101 ਸੀਟਾਂ, ਨਵਾਜ਼ ਸ਼ਰੀਫ਼ ਦੀ ਪੀ.ਐਮ.ਐਲ.-ਐਨ ਨੇ 75 ਸੀਟਾਂ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਰਟੀ ਨੇ 54 ਸੀਟਾਂ ਜਿੱਤੀਆਂ ਹਨ।

Scroll to Top