ਚੰਡੀਗੜ੍ਹ, 27 ਜੁਲਾਈ 2024: ਪਾਕਿਸਤਾਨ ਸਰਕਾਰ (Pakistan Government) ਨੇ 126 ਦੇਸ਼ਾਂ ਲਈ ਆਪਣੀਆਂ ਵੀਜ਼ਾ ਨੀਤੀਆਂ ‘ਚ ਬਦਲਾਅ ਕੀਤਾ ਹੈ | ਪਾਕਿਸਤਾਨ ਸਰਕਾਰ ਨੇ 126 ਦੇਸ਼ਾਂ ਲਈ ਵੀਜ਼ਾ (Visa) ਬਿਲਕੁਲ ਮੁਫ਼ਤ ਕਰ ਦਿੱਤਾ ਹੈ। ਇਸ ਦੇ ਲਈ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਲਈ ਜਾਵੇਗੀ ਅਤੇ ਵੀਜ਼ਾ 24 ਘੰਟਿਆਂ ਦੇ ਅੰਦਰ ਮੁਹੱਈਆ ਕਰ ਦਿੱਤਾ ਜਾਵੇਗਾ। ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦਾ ਮਕਸਦ ਦੇਸ਼ ‘ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਅਤੇ ਦੂਜੇ ਦੇਸ਼ਾਂ ਤੋਂ ਨਿਵੇਸ਼ ਵਧਾਉਣਾ ਹੈ।
‘ਦਿ ਡਾਨ’ ਦੀ ਰਿਪੋਰਟ ਮੁਤਾਬਕ 24 ਜੁਲਾਈ ਨੂੰ ਹੋਈ ਪਾਕਿਸਤਾਨ ਸਰਕਾਰ ਦੀ ਬੈਠਕ ‘ਚ ਫੈਸਲਾ ਲਿਆ ਸੀ ਕਿ ਇਸ ਤਰ੍ਹਾਂ ਦੇਸ਼ ‘ਚ ਕਾਰੋਬਾਰੀਆਂ, ਨਿਵੇਸ਼ਕਾਂ, ਸੈਲਾਨੀਆਂ ਅਤੇ ਯਾਤਰੀਆਂ ਦੀ ਗਿਣਤੀ ਵਧੇਗੀ। ਇਸ ਤੋਂ ਇਲਾਵਾ ਦੂਜੇ ਦੇਸ਼ਾਂ ਲਈ ਵੀ ਪਾਕਿਸਤਾਨ ‘ਚ ਕਾਰੋਬਾਰ ਕਰਨਾ ਸੌਖਾ ਹੋ ਜਾਵੇਗਾ। ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਨੇ ਵੀਜ਼ਾ (Visa) ਆਨਲਾਈਨ ਅਪਲਾਈ ਕਰਨ ਲਈ ਆਨਲਾਈਨ ਪ੍ਰਣਾਲੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।
ਇਸਦੇ ਨਾਲ ਹੀ ਗਵਾਦਰ ਬੰਦਰਗਾਹ ਅਤੇ ਦੇਸ਼ ਦੇ 9 ਹਵਾਈ ਅੱਡਿਆਂ ‘ਤੇ ਯਾਤਰੀਆਂ ਨੂੰ ਈ-ਗੇਟ ਦੀ ਸਹੂਲਤ ਵੀ ਮਿਲੇਗੀ। ਇਹ ਈ-ਗੇਟਸ ਗਵਾਦਰ ਬੰਦਰਗਾਹ, ਲਾਹੌਰ, ਇਸਲਾਮਾਬਾਦ ਅਤੇ ਕਰਾਚੀ ਦੇ ਹਵਾਈ ਅੱਡਿਆਂ ‘ਤੇ ਬਣਾਏ ਜਾਣਗੇ।