ਚੰਡੀਗੜ, 21 ਅਪ੍ਰੈਲ 2023: ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ (Bilawal Bhutto) ਐਸਸੀਓ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਲਈ 4 ਮਈ ਨੂੰ ਭਾਰਤ ਆਉਣਗੇ। ਭਾਰਤ ਆਉਣ ਤੋਂ ਪਹਿਲਾਂ ਬਿਲਾਵਲ ਭੁੱਟੋ ਨੇ ਪਾਕਿਸਤਾਨੀ ਚੈਨਲ ‘ਦੁਨੀਆ ਨਿਊਜ਼’ ਨੂੰ ਦਿੱਤੇ ਇੰਟਰਵਿਊ ‘ਚ ਸਪੱਸ਼ਟ ਕੀਤਾ ਹੈ ਕਿ ਇਹ ਦੌਰਾ ਭਾਰਤ ਨਾਲ ਸਬੰਧ ਸੁਧਾਰਨ ਲਈ ਨਹੀਂ ਹੈ।
ਉਨ੍ਹਾਂ ਕਿਹਾ ਨੇ “ਅਸੀਂ ਐਸਸੀਓ ਚਾਰਟਰ ਲਈ ਵਚਨਬੱਧ ਹਾਂ। ਇਸ ਦੌਰੇ ਨੂੰ ਭਾਰਤ ਨਾਲ ਗੱਲਬਾਤ ਦੇ ਸਬੰਧ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ। ਇਸ ਨੂੰ ਐਸਸੀਓ ਤੱਕ ਸੀਮਤ ਰੱਖੋ।” ਇਸ ਤੋਂ ਪਹਿਲਾਂ ਜਦੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਬਿਲਾਵਲ (Bilawal Bhutto) ਦੇ ਦੌਰੇ ਬਾਰੇ ਪੁੱਛਿਆ ਗਿਆ ਸੀ, ਤਾਂ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਐਸਸੀਓ ਦੇ ਕਿਸੇ ਇੱਕ ਮੈਂਬਰ ‘ਤੇ ਧਿਆਨ ਕੇਂਦਰਿਤ ਕਰਨਾ ਗਲਤ ਹੋਵੇਗਾ |
ਇਹ 12 ਸਾਲਾਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਪਾਕਿਸਤਾਨ ਦਾ ਵਿਦੇਸ਼ ਮੰਤਰੀ ਭਾਰਤ ਆਵੇਗਾ। ਇਸ ਤੋਂ ਪਹਿਲਾਂ 2011 ਵਿੱਚ ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਭਾਰਤ ਆਈ ਸੀ। ਭਾਰਤ ਨੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਹਿੱਸਾ ਲੈਣ ਲਈ ਚੀਨ ਅਤੇ ਪਾਕਿਸਤਾਨ ਸਮੇਤ ਐੱਸਸੀਓ ਸੰਗਠਨ ਦੇ ਅੱਠ ਦੇਸ਼ਾਂ ਨੂੰ ਸੱਦਾ ਭੇਜਿਆ ਸੀ। ਮੰਨਿਆ ਜਾ ਰਿਹਾ ਹੈ ਕਿ 4 ਮਈ ਤੋਂ ਸ਼ੁਰੂ ਹੋਣ ਵਾਲੀ ਬੈਠਕ ‘ਚ ਚੀਨ ਅਤੇ ਰੂਸ ਦੇ ਵਿਦੇਸ਼ ਮੰਤਰੀ ਵੀ ਸ਼ਾਮਲ ਹੋਣਗੇ। ਭਾਰਤ ਨੂੰ ਪਿਛਲੇ ਸਾਲ ਸਤੰਬਰ ਵਿੱਚ ਐਸਸੀਓ ਸੰਗਠਨ ਦੀ ਪ੍ਰਧਾਨਗੀ ਮਿਲੀ ਸੀ।