ਚੰਡੀਗੜ੍ਹ, 30 ਜਨਵਰੀ 2023: ਪਾਕਿਸਤਾਨ ਦੇ ਪੇਸ਼ਾਵਰ (Peshawar) ਸ਼ਹਿਰ ਵਿੱਚ ਫਿਦਾਇਨ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਪੁਲਿਸ ਲਾਈਨਜ਼ ‘ਚ ਬਣੀ ਮਸੀਤ ਦੇ ਅੰਦਰ ਧਮਾਕਾ ਹੋਇਆ ਹੈ । ਇਸ ਧਮਾਕੇ ਵਿੱਚ ਹੁਣ ਤੱਕ ਪੁਲਿਸ ਮੁਲਾਜ਼ਮਾਂ ਸਮੇਤ 46 ਦੀ ਮੌਤ ਹੋ ਗਈ ਹੈ ਅਤੇ 100 ਜਣੇ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ | ਪਾਕਿਸਤਾਨੀ ਫੌਜ ਨੇ ਇਲਾਕੇ ਨੂੰ ਘੇਰ ਲਿਆ ਹੈ। ਇਸ ਦੇ ਨੇੜੇ ਹੀ ਫੌਜ ਦੀ ਇਕਾਈ ਦਾ ਦਫਤਰ ਵੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਧਮਾਕਾ ਬਹੁਤ ਜ਼ਬਰਦਸਤ ਸੀ ਅਤੇ ਇਸ ਦੀ ਆਵਾਜ਼ 2 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਪੁਲਿਸ ਲਾਈਨ (Peshawar) ‘ਚ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਤੋਂ ਬਾਅਦ ਧੂੜ ਅਤੇ ਧੂੰਏਂ ਦੇ ਬੱਦਲ ਛਾ ਗਏ। ਇਸ ਤੋਂ ਬਾਅਦ ਗੋਲੀਬਾਰੀ ਦੀਆਂ ਆਵਾਜ਼ਾਂ ਵੀ ਸੁਣੀਆਂ ਹਨ।
ਪੇਸ਼ਾਵਰ ਦੇ ਪੁਲਿਸ ਇੰਚਾਰਜ ਸਿਕੰਦਰ ਖਾਨ ਨੇ ਕਿਹਾ ਕਿ ਧਮਾਕੇ ਕਾਰਨ ਮਸੀਤ ਦਾ ਇੱਕ ਹਿੱਸਾ ਢਹਿ ਗਿਆ ਹੈ। ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਪਿਛਲੇ ਸਾਲ ਪੇਸ਼ਾਵਰ ਵਿੱਚ ਇੱਕ ਸ਼ੀਆ ਮਸੀਤ ਵਿੱਚ ਧਮਾਕਾ ਹੋਇਆ ਸੀ। ਫਿਰ ਹਮਲੇ ਵਿਚ 62 ਜਣੇ ਮਾਰੇ ਗਏ ਸਨ। ਇਹ ਸਾਰੇ ਸ਼ੀਆ ਭਾਈਚਾਰੇ ਦੇ ਲੋਕ ਸਨ।